ਅੰਮ੍ਰਿਤਸਰ : ਪਿਛਲੇ ਕੁਝ ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ ਹੋ ਗਈ ਸੀ। ਅੱਡ ਹੋਣ ਤੋਂ ਬਾਅਦ ਦੋਵਾਂ ਕਮੇਟੀਆਂ ਵਿਚਕਾਰ ਤਕਰਾਰ ਚੱਲਦੀ ਰਹੀ, ਜਿਸਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਕਮੇਟੀ ਦੇ ਖ਼ਿਲਾਫ਼ ਮਾਣਯੋਗ ਅਦਾਲਤ ਵਿੱਚ ਵੀ ਪਟੀਸ਼ਨਾਂ ਪਾਈਆਂ ਹੋਈਆਂ ਹਨ, ਪਰ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜੋ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਡਿਊਟੀ ਕਰ ਰਹੇ ਸਨ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੋਣ ਉਤੇ ਉਹ ਐਸਜੀਪੀਸੀ ਦੇ ਮੁਲਾਜ਼ਮ ਹਰਿਆਣਾ ਕਮੇਟੀ ਦੇ ਅਧੀਨ ਆਉਣ ਲੱਗੇ।
ਹਰਿਆਣਾ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਵਿੱਚ ਡਿਊਟੀ ਤਬਦੀਲ ਕਰਵਾਉਣ ਦੀ ਮੰਗ :ਹੁਣ ਮੁਲਾਜ਼ਮਾਂ ਵੱਲੋਂ ਹਰਿਆਣਾ ਕਮੇਟੀ ਵਿੱਚ ਲਗਾਤਾਰ ਆ ਕੇ ਆਪਣੀ ਡਿਊਟੀ ਵਾਪਸ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਵਿੱਚ ਕਰਵਾਉਣ ਦੀ ਬੇਨਤੀ ਕੀਤੀ ਗਈ ਅਤੇ ਜਦੋਂ ਉਨ੍ਹਾਂ ਦੀ ਬੇਨਤੀ ਪ੍ਰਵਾਨ ਨਾ ਹੋਈ ਤਾਂ ਅੱਜ ਉਨ੍ਹਾਂ ਵੱਲੋਂ ਐਸਜੀਪੀਸੀ ਦੇ ਮੁਖ ਦਫਤਰ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨ ਕਰ ਰਹੇ SGPC ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਐਸਜੀਪੀਸੀ ਦੇ ਅਧੀਨ ਆਉਂਦੇ ਗੁਰਦੁਆਰਿਆਂ ਵਿੱਚ ਡਿਊਟੀ ਨਿਭਾ ਰਹੇ ਸਨ ਅਤੇ ਐਸਜੀਪੀਸੀ ਵੱਲੋਂ ਹੀ ਉਨ੍ਹਾਂ ਦੀ ਡਿਊਟੀ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਲਗਾਈ ਗਈ ਸੀ ਬਾਅਦ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵੱਖਰੀ ਹੋ ਗਈ, ਜਿਸ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਹਰਿਆਣਾ ਗੁਰਦੁਆਰਾ ਕਮੇਟੀ ਦੇ ਅਧੀਨ ਆਉਣ ਲੱਗੀਆਂ।