ਅੰਮ੍ਰਿਤਸਰ: ਪੰਜਾਬ ਦੇ ਵਿਧਾਨਸਭਾ ਹਲਕੇ ਦੇ ਮਜੀਠਾ ਪਿੰਡ ਵਿੱਚ ਦਲਿਤ ਕਾਂਗਰਸੀ ਵਰਕਰਾਂ ਨਾਲ ਕਾਂਗਰਸੀ ਆਗੂ ਹੀ ਧੱਕੇਸ਼ਾਹੀ ਕਰਨ 'ਚ ਲੱਗੇ ਹੋਏ ਹਨ। ਇਹ ਇਲਜਾਮ ਮਜੀਠਾ ਹਲਕੇ ਦੇ ਕਾਂਗਰਸੀ ਆਗੂ ਜਸਮਿੱਤਰ ਸਿੰਘ ਚੋਗਾਵਾਂ ਨੇ ਅੰਮ੍ਰਿਤਸਰ 'ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਲਗਾਏ। ਜਸਮਿੱਤਰ ਸਿੰਘ ਚੋਗਾਵਾਂ ਨੇ ਕਿਹਾ ਕਿ ਪੰਜਾਬ 'ਚ ਚਾਹੇ ਕਾਂਗਰਸ ਦੀ ਸਰਕਾਰ ਹੈ ਪਰ ਪਿਛਲੇ ਸਾਡੇ 4 ਸਾਲਾਂ ਤੋਂ ਕੁਛ ਕਾਂਗਰਸੀ ਆਗੂਆਂ ਦੀ ਅਕਾਲੀ ਦਲ ਨਾਲ ਮਿਲੀਭਗਤ ਕਾਰਨ ਮਜੀਠਾ 'ਚ ਵੀ ਅਕਾਲੀ ਦਲ ਦੀ ਤੂਤੀ ਬੋਲਦੀ ਹੈ।
ਉਹਨਾ ਕਿਹਾ ਕਿ ਮਜੀਠਾ ਹਲਕੇ ਦੇ ਪਿੰਚ ਚੋਗਾਵਾਂ ਮੱਤੇਵਾਲ ਦੇ ਸਾਬਕਾ ਸਰਪੰਚ ਸਵਿੰਦਰ ਸਿੰਘ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਕਬਜਾ ਕਰ ਰੱਖਿਆ ਸੀ। ਜਦੋਂ ਪਿੰਡ ਦੀ ਪੰਚਾਇਤ ਨੇ ਇਹ ਕਬਜਾ ਛਡਵਾਉਣ ਲਈ ਕੋਸ਼ਿਸ ਕੀਤੀ ਤਾਂ ਸਾਬਕਾ ਸਰਪੰਚ ਨੇ ਪਿੰਡ ਦੇ ਦਲਿਤ ਭਾਈਚਾਰੇ ਲਈ ਜਾਤਿਸੂਚਕ ਸ਼ਬਦਾਵਲੀ ਦੀ ਵਰਤੋਂ ਕੀਤੀ।