ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਪੰਜਾਬ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗਿਰਫਤਾਰੀ ਤੋਂ ਬਾਅਦ ਅੱਜ ਓਪੀ ਸੋਨੀ ਨੂੰ ਜਿਸ ਵੇਲੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਸ ਦੌਰਾਨ ਕਾਂਗਰਸ ਵਰਕਰਾਂ ਅਤੇ ਸਾਬਕਾ ਮੰਤਰੀ ਦੇ ਸਮਰਥਕਾਂ ਨੇ ਅਦਾਲਤ ਦੇ ਬਾਹਰ ਸੂਬਾ ਸਰਕਾਰ ਖਿਲਾਫ ਨਾਅਰੇ ਲਗਾਉਂਦਿਆਂ ਰੋਸ ਪ੍ਰਗਟਾਇਆ ਅਤੇ ਕਿਹਾ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਦੇ ਚਲਦਿਆਂ ਕੀਤਾ ਜਾ ਰਿਹਾ ਹੈ। ਓਪੀ ਸੋਨੀ ਇਕ ਇਮਾਨਦਾਰ ਮੰਤਰੀ ਰਹੇ ਹਨ ਪਰ ਭਗਵੰਤ ਮਾਨ ਦੀ ਸਰਕਾਰ ਉਹਨਾਂ ਨੂੰ ਫਸਾ ਰਹੀ ਹੈ। ਸਮਰਥਕਾਂ ਨੇ ਕਿਹਾ ਕਿ ਇਹ ਸਿਆਸੀ ਦੁਸ਼ਮਣੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਜਲਦ ਹੀ ਕਾਂਗਰਸ ਦੇ ਸਾਬਕਾ ਮੰਤਰੀ ਰਿਹਾਅ ਹੋ ਜਾਣਗੇ।
ਪਿਛਲੇ 8 ਮਹੀਨਿਆਂ ਵਿੱਚ ਨਹੀਂ ਮਿਲਿਆ ਕੋਈ ਸਬੂਤ :ਦੱਸਣਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜ਼ੀਲੈਂਸ ਵੱਲੋਂ ਪੁੱਛਗਿੱਛ ਕਰਨ ਲਈ ਹੀ ਇਹ ਰਿਮਾਂਡ ਹਾਸਿਲ ਕੀਤਾ ਗਿਆ ਹੈ। ਵਕੀਲ ਪ੍ਰਦੀਪ ਸੈਣੀ ਨੇ ਦੱਸਿਆ ਕਿ ਇੱਕ ਘੰਟਾ ਬਹਿਸ ਕਰਨ ਤੋਂ ਬਾਅਦ ਇੱਕ ਦਿਨ ਦੇ ਰਿਮਾਂਡ 'ਤੇ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਵਕੀਲ ਪ੍ਰਦੀਪ ਸੈਣੀ ਨੇ ਕਿਹਾ ਕਿ ਪਿਛਲੇ ਅੱਠ ਮਹੀਨੇ ਦੀ ਜਾਂਚ ਵਿੱਚ ਕੁੱਝ ਹਾਸਿਲ ਨਹੀਂ ਹੋਈਆ ਤੇ ਇੱਕ ਦਿਨ ਦੇ ਨਾਲ਼ ਕੀ ਲੱਭ ਲੈਣਗੇ।