ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਛੇਹਰਟਾ ਵਿੱਚ ਬੀਤੇ 22 ਅਪ੍ਰੈਲ ਨੂੰ ਇੱਕ ਘਰ ਦੇ ਬਾਹਰ ਖੜ੍ਹੀ ਕਾਰ ਉੱਤੇ ਗੋਲੀਆਂ ਚਲਾ ਕੇ ਜਾਨੀ ਨੁਕਸਾਨ ਕਰਨ ਦੀ ਮੰਸ਼ਾ ਨਾਲ ਆਏ ਹਮਲਾਵਰ ਫਰਾਰ ਹੋ ਗਏ । ਇਸ ਤੋਂ ਬਾਅਦ ਮੁਲਜ਼ਮ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਮਾਮਲੇ ਵਿੱਚ ਹੁਣ ਆਖਿਰਕਾਰ ਸੀਆਈਏ ਸਟਾਫ਼ ਨੇ ਕਾਮਯਾਬੀ ਹਾਸਿਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਿਕ ਪੀੜਤ 22 ਅਪ੍ਰੈਲ ਨੂੰ ਆਪਣੇ ਘਰ ਵਿੱਚ ਸੀ ਤਾਂ ਅਚਾਨਕ ਗੋਲੀ ਚੱਲਣ ਦੀ ਅਵਾਜ਼ ਆਈ। ਗਲੀ ਵਿੱਚ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਉੱਤੇ ਸਵਾਰ ਤਿੰਨ ਨੌਜ਼ਵਾਨਾਂ ਵੱਲੋਂ ਉਸਦੀ ਕਾਰ ਉੱਤੇ ਗੋਲੀਆਂ ਮਾਰੀਆਂ ਗਈਆਂ ਹਨ। ਜਿਸ ਉੱਤੇ ਪੀੜਤ ਨੇ ਸ਼ਿਕਾਇਤ ਕਰਕੇ ਮੁਕੱਦਮਾ ਰਜਿਸਟਰ ਕਰਵਾਇਆ।
ਗੈਂਗਸਟਰ ਲੰਡਾ ਦੇ ਗੁਰਗੇ ਗ੍ਰਿਫ਼ਤਾਰ: ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਏਸੀਪੀ ਅਭਿਮੰਨਿਊ ਰਾਣਾ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ ਅਤੇ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 2 ਮੁਲਜ਼ਮਾਂ ਜੋਬਨਜੀਤ ਸਿੰਘ ਉਰਫ਼ ਜੌਬਨ ਅਤੇ ਜੋਗਿੰਦਰ ਸਿੰਘ ਉਰਫ਼ ਰਿੰਕੂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 1 ਲੱਖ 2 ਹਜਾਰ ਰੁਪਏ , 05 ਮੋਬਾਇਲ ਫੋਨ ਅਤੇ 01 ਸਕੂਟੀ ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ। ਪੁਲਿਸ ਮੁਤਾਬਿਕ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਉੱਤੇ ਗੁਪਤ ਸੂਚਨਾਂ ਦੇ ਅਧਾਰ ਉੱਤੇ ਯੋਜਨਾਬੰਦ ਤਰੀਕੇ ਨਾਲ ਮੁਲਜ਼ਮ ਜੋਬਨਜੀਤ ਸਿੰਘ ਉਰਫ ਜੋਬਨ ਨੂੰ ਬਿਨਾਂ ਨੰਬਰ ਵਾਲੀ ਐਕਟਿਵਾ ਉੱਤੇ ਸਮੇਤ ਜੋਗਿੰਦਰ ਸਿੰਘ ਉਰਫ ਰਿੰਕੂ ਦੇ ਗ੍ਰਿਫ਼ਤਾਰ ਕੀਤਾ ਗਿਆ।