ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਸ਼ੁਰੂ ਕੀਤੇ ਸੁੰਦਰੀਕਰਨ ਪ੍ਰਾਜੈਕਟ ਦਾ ਕੰਮ ਦਿਨੋਂ ਦਿਨ ਤੇਜ਼ੀ ਫੜਦਾ ਜਾ ਰਿਹਾ ਹੈ। ਇਸ ਸੁੰਦਰੀਕਰਨ ਪ੍ਰਾਜੈਕਟ ਦੀ ਕਾਰ ਸੇਵਾ ਨਿਸ਼ਕਾਮ ਸੇਵਕ ਜਥਾ ਯੂ.ਕੇ ਵਾਲਿਆਂ ਵਲੋਂ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਤਹਿਤ ਤਖ਼ਤ ਸਾਹਿਬ ਦੇ ਆਲੇ ਦੁਆਲੇ ਨੂੰ ਖੂਬਸੂਰਤ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਅਤੇ ਮੈਨੇਜਰ ਦੀਆਂ ਪੁਰਾਣੀਆਂ ਰਿਹਾਇਸ਼ਾਂ ਤੋੜਨ ਉਪਰੰਤ ਉਕਤ ਸਥਾਨ ’ਤੇ ਬਣਾਏ ਜਾ ਰਹੇ ਤਖ਼ਤ ਸਾਹਿਬ ਦੇ ਪ੍ਰਬੰਧਕੀ ਬਲਾਕ, ਸਿੰਘ ਸਾਹਿਬ ਦੀ ਨਵੀਂ ਰਿਹਾਇਸ਼, ਸਕੱਤਰੇਤ, ਗੱਠੜੀ ਘਰ ਆਦਿ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਤਖ਼ਤ ਸਾਹਿਬ ਦੇ ਸ਼ੁਰੂ ਹੋਏ ਸੁੰਦਰੀਕਰਨ ਪ੍ਰੋਜੈਕਟ ਬਾਰੇ ਨੇ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ਿਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਨਿਸ਼ਕਾਮ ਸੇਵਕ ਜਥਾ ਯੂ. ਕੇ. ਦੇ ਮੁੱਖ ਪ੍ਰਬੰਧਕ ਬਾਬਾ ਮਹਿੰਦਰ ਸਿੰਘ ਜੀ ਦੀ ਅਗਵਾਈ ’ਚ ਸ਼ੁਰੂ ਕੀਤੇ ਇਸ ਪ੍ਰੋਜੈਕਟ ’ਚ ਜਮੀਨਦੋਜ ਵਿਸ਼ਾਲ ਗੱਠੜੀਘਰ, ਜੋੜਾ ਘਰ, ਪਹਿਲੀ ਮੰਜਿਲ ’ਤੇ ਤਖ਼ਤ ਸਾਹਿਬ ਦਾ ਪ੍ਰਬੰਧਕੀ ਬਲਾਕ, ਸਿੰਘ ਸਾਹਿਬ ਸਕੱਤਰੇਤ, ਰਿਹਾਇਸ਼ ਅਤੇ ਇੱਕ ਵਿਸ਼ਰਾਮ ਘਰ ਦੀ ਉਸਾਰੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਦੁਮਾਲਗੜ੍ਹ ਮੰਜੀ ਸਾਹਿਬ ਨੂੰ ਜਾਣ ਲਈ ਜਿੱਥੇ ਇੱਕ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ, ਉਥੇ ਹੀ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਕਰਮਾ ਨੂੰ ਵੱਡਾ ਅਤੇ ਚੌੜਾ ਕਰਨ ਤਹਿਤ ਤਖ਼ਤ ਸਾਹਿਬ ਦੇ ਪ੍ਰਬੰਧਕੀ ਬਲਾਕ ਨੂੰ ਇਥੋਂ ਹਟਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਸੇ ਪ੍ਰਕਰਮਾ ਦੇ ਹੇਠੋਂ ਇਤਿਹਾਸਕ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਰਸਤੇ ਨੂੰ ਵੀ ਜੋੜਿਆ ਜਾਵੇਗਾ।