ਅੰਮ੍ਰਿਤਸਰ :ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਪਿਓ ਨੇ ਆਪਣੀ ਧੀ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਦੇਰ ਰਾਤ ਨੂੰ ਮ੍ਰਿਤਕ ਲੜਕੀ ਦੇ ਪਿਤਾ ਦਲਬੀਰ ਸਿੰਘ ਨੇ ਖੁਦ ਨੂੰ ਪੁਲਿਸ ਦੇ ਅੱਗੇ ਸਰੰਡਰ ਕਰ ਦਿੱਤਾ ਹੈ। ਪੁਲਿਸ ਵੱਲੋਂ ਦਲਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਦਲਬੀਰ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵਿੱਚ ਅਣਖ ਸੀ ਤੇ ਮੈਂ ਆਪਣੀ ਧੀ ਨੂੰ ਮਾਰ ਦਿੱਤਾ ਹੈ। ਦਲਬੀਰ ਸਿੰਘ ਨੇ ਕਿਹਾ ਕਿ ਧੀ ਮੇਰੀ ਇੱਕ ਰਾਤ ਕਿਸੇ ਦੇ ਘਰ ਰਹਿ ਕੇ ਆਈ ਸੀ। ਦਲਬੀਰ ਸਿੰਘ ਨੇ ਕਿਹਾ ਪਿੰਡ ਵਿੱਚ ਇੰਨੀਆਂ ਕੁੜੀਆਂ ਆਪਣੇ ਘਰੋਂ ਗਈਆਂ ਹਨ। ਇਸ ਲਈ ਬਾਕੀਆਂ ਨੂੰ ਇਹ ਸਬਕ ਦਿੱਤਾ ਹੈ।
ਇਕ ਦਿਨ ਦਾ ਮਿਲਿਆ ਰਿਮਾਂਡ :ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ ਕੱਲ ਇਸ ਨੂੰ ਅਦਾਲਤ ਵਿੱਚ ਫ਼ਿਰ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਲੜਕੀ ਪਰਸੋਂ ਘਰੋਂ ਦੱਸੇ ਬਗੈਰ ਚਲੀ ਗਈ ਸੀ। ਕੱਲ੍ਹ ਵਾਪਿਸ ਆਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਉ ਧੀ ਵਿੱਚ ਆਪਸ ਵਿੱਚ ਤਕਰਾਰ ਹੋ ਗਿਆ ਤੇ ਦਲਬੀਰ ਸਿੰਘ ਨੇ ਆਪਣੀ ਧੀ ਨੂੰ ਤੇਜ਼ ਹਥਿਆਰਾਂ ਦੇ ਨਾਲ ਵੱਢ ਦਿੱਤਾ।