ਅੰਮ੍ਰਿਤਸਰ: ਮੋਹਕਮ ਪੁਰਾ ਦੇ ਪ੍ਰੀਤ ਨਗਰ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਲਾਕੇ ਵਿੱਚ ਰੇਲਵੇ ਲਾਈਨਾਂ ਦੇ ਨਾਲ ਬਣੀਆਂ ਝੁੱਗੀ ਝੋਪੜੀਆ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੇ ਕੌਂਸਲਰ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ।
ਇਸ ਸਬੰਧੀ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਕਿ ਉਹ ਕੂੜਾ ਚੁੱਕਣ ਦਾ ਕੰਮ ਕਰਦੇ ਹਨ, ਅਤੇ ਪਹਿਲਾਂ ਕੂੜੇ ਦੇ ਢੇਰ ਨੂੰ ਅੱਗ ਲੱਗੀ, ਜਿਸ ਤੋਂ ਬਾਅਦ ਝੋਪੜੀਆਂ ਨੂੰ ਵੀ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਅੱਗ ਨਾਲ ਸਕਰੈਪ ਦਾ ਸਮਾਨ ਜੋ ਲੱਖਾਂ ਦੀ ਕੀਮਤ 'ਚ ਸੀ,ਉਹ ਵੀ ਸੜ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਨਾ ਆਉਣ ਕਾਰਨ ਉਨ੍ਹਾਂ ਦਾ ਜਿਆਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਦਮਕਲ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਕਿ ਉਹ ਅੱਗ ਲੱਗਣ ਤੋਂ ਕੁਝ ਮਿੰਟਾਂ ਬਾਅਦ ਹੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਤੰਗ ਇਲਾਕਾ ਹੋਣ ਕਰਕੇ ਗੱਡੀਆਂ ਲੈ ਕੇ ਆਉਣ ਵਿੱਚ ਕਾਫੀ ਮੁਸ਼ਕਿਲ ਆਈ ਪਰ ਫਿਰ ਵੀ ਦਮਕਲ ਵਿਭਾਗ ਦੇ ਅਧਿਕਾਰੀਆਂ, ਪੁਲਿਸ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਹ ਰੇਲਵੇ ਲਾਈਨ ਦੇ ਨਾਲ ਝੁੱਗੀਆਂ ਚ ਰਹਿ ਰਹੇ ਸਨ ਅਤੇ ਕੂੜਾ ਕਰਕਟ ਇਕੱਠਾ ਕਰਨ ਵਾਲਾ ਕੰਮ ਕਰਦੇ ਹਨ।
ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਤਿਸ਼ਬਾਜੀ ਦੇ ਚੱਲਦਿਆਂ ਇੱਥੇ ਪਏ ਕੁੜੇ ਨੂੰ ਅੱਗ ਲੱਗੀ ਹੋ ਸਕਦੀ ਹੈ। ਜਿਸ ਨਾਲ ਇਹ ਅੱਗ ਝੁਗੀਆਂ ਨੂੰ ਜਾ ਲੱਗੀ, ਪਰ ਸਮਾਂ ਰਹਿੰਦੇ ਬਾਕੀ ਝੁਗੀਆਂ ਨੂੰ ਬਚਾ ਲਿਆ ਗਿਆ। ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਗ 'ਤੇ ਪੂਰਾ ਕੰਟਰੋਲ ਕਰਨ ਤੋਂ ਬਾਅਦ ਹੀ ਨੁਕਸਾਨ ਸਬੰਧੀ ਪਤਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ:ਸੂਬੇ ਵਿੱਚ ਡੇਂਗੂ ਦਾ ਕਹਿਰ , ਇਸ ਜ਼ਿਲ੍ਹੇ ਤੋਂ ਆਏ 384 ਮਾਮਲੇ ਸਾਹਮਣੇ