ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਅੰਮ੍ਰਿਤਸਰ :ਪੰਜਾਬ ਭਾਜਪਾ ਦਾ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਥੇ ਪਹੁੰਚ ਉਨ੍ਹਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਸਮੂਹ ਭਾਜਪਾ ਲੀਡਰਸ਼ਿਪ ਤੇ ਰਾਸ਼ਟਰੀ ਨੇਤਾ ਤਰੁਣ ਚੁੱਘ ਤੇ ਕੇਂਦਰੀ ਮੰਤਰੀ ਵਿਜੇ ਰੂਪਾਨੀ, ਜੈ ਇੰਦਰ ਕੌਰ, ਵਿਜੇ ਸਾਂਪਲਾ, ਮਨਜਿੰਦਰ ਸਿੰਘ ਸਿਰਸਾ ਤੇ ਇਕਬਾਲ ਸਿੰਘ ਲਾਲ ਪੁਰਾ ਵੀ ਮੌਜੂਦ ਸਨ।
ਇਸ ਮੌਕੇ ਸੁਨੀਲ ਜਾਖੜ ਨੇ ਗੁਰੂ ਘਰ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਬਰਕਤਾਂ ਹਾਸਲ ਕੀਤੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਜਾਖੜ ਇੱਕ ਚੰਗੀ ਛਵੀ ਦੇ ਆਗੂ ਹਨ। ਉਨ੍ਹਾਂ ਕਿਹਾ ਭਾਜਪਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਪਾਰਟੀ ਦੇ ਲਈ ਇੱਕ ਜ਼ਿੰਮੇਵਾਰੀ ਸਵਿਕਾਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਭਾਜਪਾ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਜਿਹੜੇ ਵਾਅਦੇ ਕਰ ਕੇ ਆਪ ਸੱਤਾ ਵਿੱਚ ਆਈ, ਉਹ ਇਕ ਵੀ ਪੂਰਾ ਨਹੀਂ ਹੋਇਆ :ਆਉਣ ਵਾਲੇ ਸਮੇਂ ਵਿੱਚ ਸੁਨੀਲ ਜਾਖੜ ਦੀ ਅਗਵਾਈ ਵਿਚ ਭਾਜਪਾ ਦਾ ਗ੍ਰਾਫ ਹੋਰ ਅੱਗੇ ਤਕ ਜਾਵੇਗਾ। ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਹੈ। ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹੈ। ਕਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜੀ ਹੋਈ ਹੈ। ਜਨਤਾ ਵਿਚ ਮਾਯੂਸੀ ਛਾਈ ਹੋਈ ਹੈ, ਜਿਹੜੇ ਵਾਅਦੇ ਕਰ ਕੇ ਆਪ ਸਰਕਾਰ ਸੱਤਾ ਵਿੱਚ ਆਈ ਸੀ ਉਹ ਕੋਈ ਵੀ ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ।
ਪੰਜਾਬ ਦੀ ਭਲਾਈ ਲਈ ਕਰਾਂਗੇ ਕੰਮ :ਇਸ ਮੌਕੇ ਜੈ ਇੰਦਰ ਕੌਰ ਨੇ ਕਿਹਾ ਕਿ ਜਾਖੜ ਸਾਰਿਆਂ ਨੂੰ ਇੱਕਠੇ ਲੈਕੇ ਚੱਲਣਗੇ। ਅਕਾਲੀ ਦਲ ਨਾਲ ਗਠਜੋੜ ਉਤੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੇਂਦਰ ਹਾਈ ਕਮਾਨ ਫੈਸਲਾ ਕਰੇਗੀ। ਉਨ੍ਹਾਂ ਕਿਹਾ ਪਟਿਆਲੇ ਵਿੱਚ ਭਾਜਪਾ ਦੀ ਬਹੁਤ ਚੰਗੀ ਸਾਖ ਬਣੀ ਹੋਈ ਹੈ ਅਸੀਂ ਸਾਰੀਆਂ ਨੂੰ ਨਾਲ਼ ਲੈਕੇ ਪੰਜਾਬ ਦੀ ਭਲਾਈ ਲਈ ਕੰਮ ਕਰਾਂਗੇ । ਭਾਜਪਾ ਹਾਈ ਕਮਾਨ ਨੇ ਜੋ ਵੀ ਫੈਸਲਾ ਲਿਆ ਸੋਚ ਸਮਝ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਜ਼ਿਮਨੀ ਚੋਣ ਵਿਚ ਭਾਜਪਾ ਦੂਜੇ ਨੰਬਰ ਦੀ ਪਾਰਟੀ ਰਹੀ ਹੈ।