ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਹੈ। ਜਿਸ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਦੋ ਦਿਨ ਗੁਰੂ ਘਰ ਹੀ ਰਹੇਗਾ। ਅੱਜ ਪਹਿਲੇ ਦਿਨ ਸੁਖਬੀਰ ਬਾਦਲ ਵੱਲੋਂ ਜੋੜਾ ਘਰ ਜਾ ਕੇ ਜੋੜਿਆਂ ਦੀ ਸੇਵਾ ਕੀਤੀ ਗਈ ਅਤੇ ਲੰਗਰ ਘਰ ਵਿਚ ਬਰਤਨਾਂ ਦੀ ਸੇਵਾ ਵੀ ਕੀਤੀ ਗਈ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਦੀ ਗੋਲਕ ਬਾਰੇ ਦਿੱਤੇ ਬਿਆਨ ਉੱਤੇ ਸੁਖਬੀਰ ਬਾਦਲ ਨੇ ਕਿਹਾ ਕਿ (Sukhbir Badal verbal attacks on CM Bhagwant Mann) ਭਗਵੰਤ ਮਾਨ ਨੂੰ ਸਿੱਖ ਮਰਿਆਦਾ, ਸਿੱਖ ਸਿਧਾਤਾਂ ਬਾਰੇ ਕੁਝ ਵੀ ਪਤਾ ਨਹੀਂ ਹੈ।
'ਮੁੱਖ ਮੰਤਰੀ ਭਗਵੰਤ ਮਾਨ ਇੱਕ ਨਾਸਤਿਕ ਬੰਦਾ':ਉਨ੍ਹਾਂ ਕਿਹਾ ਕਿ ਜੋ ਬੰਦਾ ਸ਼ਰਾਬ ਪੀ ਕੇ ਗੂਰੂ ਘਰ ਜਾ ਸਕਦਾ ਉਸ ਨੂੰ ਕੀ ਪਤਾ ਕਿ ਗੂਰੁ ਘਰ ਦਾ ਕੀ ਮਤਲਬ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਾਸਤਿਕ ਹੈ, ਉਸ ਨੂੰ ਕਿਸੇ ਨਾਲ ਕੋਈ ਲਗਾਵ ਨਹੀਂ ਹੈ। ਸੁਖਬੀਰ ਨੇ ਕਿਹਾ ਕਿ ਸੀਐਮ ਮਾਨ ਨੂੰ ਇਹ ਨਹੀਂ ਪਤਾ ਕਿ ਜਿਸ ਕੁਰਸੀ ਉੱਤੇ ਅੱਜ ਉਹ ਬੈਠਾ ਹੈ, ਉਸ ਪ੍ਰਮਾਤਮਾ ਦੀ ਬਖਸ਼ਿਸ਼ ਕਾਰਨ ਹੀ ਮਿਲੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਇਨ੍ਹਾਂ ਦੀਆਂ ਕਰਤੂਤਾਂ ਨੇ, ਜਦੋਂ ਦੇ ਇਹ ਮੁੱਖ ਮੰਤਰੀ ਬਣੇ ਹਨ ਇਨ੍ਹਾਂ ਵਿੱਚ ਬਹੁਤ ਜ਼ਿਆਦਾ ਹੰਕਾਰ ਭਰ ਗਿਆ ਹੈ।