ਅੰਮ੍ਰਿਤਸਰ : ਪਾਕਿਸਤਾਨੀ ਡਰੋਨ ਦੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਕੁਝ ਦਿਨਾਂ 'ਚ ਪਾਕਿਸਤਾਨ ਪਾਸਿਓ ਭਾਰਤੀ ਸਰਹੱਦ ਪਾਰ ਕਰਨ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਜਿਸ ਨੂੰ ਕਿ ਬੀਐਸਐਫ ਵਲੋਂ ਨਾਕਾਮ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਕਰੀਬ 1:15 ਵਜੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਧਨੋਂ ਕਲਾਂ ਨਜ਼ਦੀਕ ਪਾਕਿਸਤਾਨ ਪਾਸਿਓ ਭਾਰਤੀ ਹਵਾਈ ਖੇਤਰ ਵਿੱਚ ਕੁਝ ਸ਼ੱਕੀ ਸਮੱਗਰੀ ਵੇਖੀ ਜੋ ਭਾਰਤ 'ਚ ਦਾਖ਼ਲ ਹੋਣ ਦੀ ਤਾਕ 'ਚ ਸੀ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕਰਕੇ ਇਸ ਨੂੰ ਹੇਠਾਂ ਸੁੱਟ ਦਿੱਤਾ। ਇਸ ਡਰੋਨ ਦੀ ਵਰਤੋਂ ਨਸ਼ਿਆਂ ਦੀ ਤਸਕਰੀ ਲਈ ਕੀਤੀ ਜਾ ਰਹੀ ਸੀ, ਜਿਸ ਨੂੰ ਜਵਾਨਾਂ ਨੇ ਨਾਕਾਮ ਕਰ ਦਿੱਤਾ।
ਡਰੋਨ ਡਿੱਗਣ ਤੋਂ ਬਾਅਦ ਪੂਰੇ ਇਲਾਕੇ ਨੂੰ ਸੈਨਿਕਾਂ ਨੇ ਘੇਰ ਲਿਆ ਅਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਅਤੇ ਸਹਿਯੋਗੀ ਏਜੰਸੀਆਂ ਨੂੰ ਦਿੱਤੀ। ਇਸ ਤੋਂ ਬਾਅਦ ਸੈਨਿਕਾਂ ਨੂੰ ਸਰਚ ਅਭਿਆਨ ਦੌਰਾਨ ਸਵੇਰੇ 6.15 ਵਜੇ ਪਿੰਡ ਧਨੋਂ ਕਲਾ ਨਜ਼ਦੀਕ ਇੱਕ ਕਾਲੇ ਰੰਗ ਦਾ ਡਰੋਨ ਮਿਲਿਆ। ਬੀਐਸਐਫ ਵਲੋਂ ਬਰਾਮਦ ਕੀਤਾ ਗਿਆ ਡਰੋਨ ਚੀਨੀ ਡਰੋਨ ਸੀ।