ਅੰਮ੍ਰਿਤਸਰ/ ਅਜਨਾਲਾ: ਕਾਰਗਿਲ ਦਿਵਸ ਮੌਕੇ ਈਟੀਵੀ ਭਾਰਤ ਦੀ ਟੀਮ ਨੇ ਅਜਨਾਲਾ ਦੇ ਸ਼ਹੀਦ ਨਾਇਕ ਪ੍ਰਵੀਨ ਕੁਮਾਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਮੌਕੇ ਪਰਿਵਾਰ ਵਾਲਿਆਂ ਨੇ ਸਰਕਾਰ ਨਾਲ ਆਪਣੀ ਨਰਾਜ਼ਗੀ ਜ਼ਾਹਰ ਕੀਤੀ।
ਸ਼ਹਾਦਤ 'ਤੇ ਮਾਣ ਪਰ ਸ਼ਹਿਰ ਨੇ ਕੀਤਾ ਨਾਂਅ ਦਾ ਅਪਮਾਣ ਇਸ ਮੌਕੇ ਸ਼ਹੀਦ ਪ੍ਰਵੀਨ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਤ ਦੀ ਸ਼ਹੀਦੀ ਤੇ ਮਾਣ ਹੈ ਅਤੇ ਉਨ੍ਹਾਂ ਨੂੰ ਦੁੱਖ ਵੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਖ਼ੁਦ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਅਸਲੀਅਤ ਵਿੱਚ ਉਹ ਸ਼ਹੀਦਾ ਬਾਬਤ ਬਿਲਕੁਲ ਧਿਆਨ ਨਹੀਂ ਦਿੰਦੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਬੇਸ਼ੱਕ ਉਨ੍ਹਾਂ ਦੇ ਪੁੱਤ ਦੇ ਨਾਂਅ ਤੇ ਪਾਰਕ ਬਣਾ ਦਿੱਤਾ ਹੈ ਪਰ ਹੁਣ ਅਜਨਾਲਾ ਪੰਚਾਇਤ ਉਸ ਅੱਗੇ ਕੂੜਾ ਸੁੱਟ ਰਹੀ ਹੈ ਜੋਂ ਕਿ ਬਹੁਤ ਬੁਰਾ ਲਗਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਸਥਾਨਕ ਪ੍ਰਸ਼ਾਸ਼ਨ ਨੂੰ ਕਹਿ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ।
ਸ਼ਹੀਦ ਦੇ ਪਿਤਾ ਨੇ ਕਿਹਾ ਕਿ ਹੁਣ ਉਹ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਤ ਲਿਖਣਗੇ ਅਤੇ ਇਸ ਬਾਰੇ ਜਾਣੂ ਕਰਵਾਉਣਗੇ।
ਇਸ ਮੌਕੇ ਸ਼ਹੀਦ ਪ੍ਰਵੀਨ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਰੁਕ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੁੱਤ ਦੀ ਯਾਦ ਆਉਂਦੀ ਹੈ ਤਾਂ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੁੱਧਾਂ ਵਿੱਚ ਬੜੇ ਘਰ ਉੱਜੜ ਗਏ ਹਨ।