ਬਾਬਾ ਬਕਾਲਾ ਸਾਹਿਬ,ਅੰਮ੍ਰਿਤਸਰ: ਬੀਤੀ ਰਾਤ ਤੋਂ ਅਚਾਨਕ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਕਈ ਲੋਕਾਂ ਨੂੰ ਆਪਣੇ ਕੰਢੀ ਖੇਤਰ ਦੇ ਘਰਾਂ ਵਿੱਚੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਤੇਜ਼ ਪਾਣੀ ਕਾਰਣ ਉਹ ਘਰਾਂ ਵਿੱਚ ਹੀ ਫਸੇ ਰਹਿ ਗਏ। ਜਿਨ੍ਹਾਂ ਨੂੰ ਐੱਸਡੀਐੱਮ ਬਾਬਾ ਬਕਾਲਾ ਅਲਕਾ ਕਾਲੀਆ, ਤਹਿਸੀਲਦਾਰ ਸੁਖਦੇਵ ਕੁਮਾਰ ਬੰਗੜ ਅਤੇ ਡੀਐੱਸਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਦੀਆਂ ਵੱਖ-ਵੱਖ ਟੀਮਾਂ ਵਲੋਂ ਬਾਹਰ ਕੱਢ ਲਿਆ ਗਿਆ ਹੈ।
ਸਤਿਕਾਰ ਅਤੇ ਅਦਬ ਨਾਲ ਲਿਆਂਦੇ ਗਏ ਸਰੂਪ:ਜ਼ਿਕਰਯੋਗ ਹੈ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਪਿੰਡ ਸੇਰੋਂ ਬਾਘਾ ਦੇ ਇਲਾਕੇ ਅਤੇ ਰਾਏਪੁਰ ਰਾਈਆਂ ਖੇਤਰ ਵਿੱਚ ਬਿਆਸ ਦਰਿਆ ਦਾ ਪਾਣੀ ਵੱਧ ਜਾਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਪਾਣੀ ਭਰਦਿਆਂ ਦੇਖ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਸਰੂਪ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਸੁਰੱਖਿਅਤ ਸਥਾਨਾਂ ਉੱਤੇ ਲਿਜਾਏ ਗਏ ਹਨ। ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੇ ਫੋਨ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਰੋਂ ਬਾਘਾ ਦੇ ਇਲਾਕੇ ਵਿੱਚ ਦਰਿਆ ਤੋਂ ਪਾਰ ਜਾਕੇ ਪੰਜਾਬ ਪੁਲਿਸ ਦੀ ਟੀਮ ਨੇ ਬਿਆਸ ਦਰਿਆ ਦਾ ਪਾਣੀ ਵਧਣ ਉੱਤੇ ਸਤਿਕਾਰ ਨਾਲ ਗੁਰੂ ਸਾਹਿਬ ਦੇ ਸਰੂਪ ਸੁਰੱਖਿਅਤ ਖੇਤਰ ਵਿੱਚ ਬਹੁਤ ਹੀ ਅਦਬ ਅਤੇ ਸਤਿਕਾਰ ਨਾਲ ਲਿਆਂਦੇ ਹਨ।