ਰੰਗ-ਬਿਰੰਗੇ ਫੁੱਲਾਂ ਨਾਲ ਅਲੋਕਿਕ ਸਜਾਵਟ ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਦੇਸ਼-ਵਿਦੇਸ਼ ਦੇ 2000 ਕੁਇੰਟਲ ਫੁੱਲ ਸਜਾਵਟ ਲਈ ਵਰਤੇ ਜਾਣਗੇ। ਜਾਣਕਾਰੀ ਮੁਤਾਬਿਕ ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਤੋਂ 100 ਕਾਰੀਗਰ ਪਹੁੰਚ ਚੁੱਕੇ ਹਨ ਜੋ 16 ਸਤੰਬਰ ਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾ ਦਿਨ-ਰਾਤ ਕੰਮ ਕਰਦੇ ਹੋਏ 15 ਸਤੰਬਰ ਦੀ ਰਾਤ ਤੱਕ ਫੁੱਲਾਂ ਦੀ ਸਜਾਵਟ ਨੂੰ ਮੁਕੰਮਲ ਕਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ-ਕੋਨਾਂ ਫੁੱਲਾਂ ਨਾਲ ਸਜਾਇਆ ਜਾਵੇਗਾ।
ਵਿਦੇਸ਼ਾਂ ਤੋਂ ਮੰਗਵਾਏ ਗਏ ਸਜਾਵਟੀ ਫੁੱਲ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਵੱਖ-ਵੱਖ ਦੇਸ਼ ਅਤੇ ਵਿਦੇਸ਼ਾਂ ਵਿੱਚੋਂ ਵੀ ਫੁੱਲ ਮੰਗਵਾਏ ਗਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਜਾਵਟ ਲਈ ਜਿੱਥੇ ਵਿਸ਼ੇਸ਼ ਫੁੱਲ ਮਲੇਸ਼ੀਆ ਤੋਂ ਉੱਥੇ ਹੀ ਤਖਤ ਸਾਹਿਬ ਦੀ ਪਰਿਕਰਮਾ ਵਿੱਚ ਸਜਾਵਟ ਕਰਨ ਲਈ ਥਾਈਲੈਂਡ, ਸਿੰਗਾਪੁਰ, ਬੈਂਕਾਕ, ਅਤੇ ਹਾਲੈਂਡ ਤੋਂ ਫੁੱਲ ਮੰਗਵਾਏ ਗਏ ਨੇ।
ਕੋਨੇ-ਕੋਨੇ ਦੀ ਹੋ ਰਹੀ ਸਜਾਵਟ:ਇਸੇ ਤਰ੍ਹਾਂ ਗੁਰਦੁਆਰਾ ਲਾਚੀ ਬੌਰ ਸਾਹਿਬ ਦੀ ਸਜਾਵਟ ਲਈ ਗੁਰਦੁਆਰਾ ਨਿਊਜ਼ੀਲੈਂਡ, ਕੀਨੀਆ, ਸਾਊਥ ਅਫ਼ਰੀਕਾ ਤੋਂ ਸਜਾਵਟੀ ਸਮਾਨ ਅਤੇ ਫੁੱਲ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਝੰਡਾ ਬੁੰਗਾ ਸਾਹਿਬ ਅਤੇ ਗੁਰਦੁਆਰਾ ਦੁੱਖ ਭੰਜਨੀ ਆਦਿ ਲਈ ਵੀ ਸਜਾਵਟੀ ਫੁੱਲ ਮੰਗਵਾਏ ਗਏ ਹਨ। ਹੋਰ ਜਾਣਕਾਰੀ ਮੁਤਾਬਿਕ ਗੁਰੂ ਨਗਰੀ ਦੇ ਮਹਾਨ ਇਤਿਹਾਸਿਕ ਸਥਾਨ ਭਾਰਤ ਬੇਰ ਸਾਹਿਬ ਲਈ ਗੁਰਦੁਆਰਾ ਬੇਰ ਬਾਬਾ ਬੁੱਢਾ (ਕੋਲਕਾਤਾ), ਕੇਰਲਾ, ਪੂਨਾ, ਦਿੱਲੀ ਅਤੇ ਮੁੰਬਈ ਤੋਂ ਸਜਾਵਟੀ ਫੁੱਲ ਮੰਗਵਾਏ ਗਏ ਹਨ। ਇਸੇ ਤਰ੍ਹਾਂ ਥੜ੍ਹਾ ਸਾਹਿਬ, ਸ਼ਹੀਦੀ ਯਾਦਗਾਰ ਅਤੇ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ ਦੀ ਸਜਾਵਟ ਲਈ ਵੀ ਖ਼ਾਸ ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ।
ਪ੍ਰਕਾਸ਼ ਪੁਰਬ ਮੌਕੇ ਪਹੁੰਚਣਗੇ ਕੀਰਤਨੀ ਜਥੇ: ਦੱਸ ਦਈਏ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਜਿੱਥੇ ਸੰਗਤ ਦਾ ਹੜ੍ਹ ਆਉਣ ਦੀ ਪੂਰੀ ਉਮੀਦ ਹੈ ਉੱਥੇ ਹੀ ਇਲਾਹੀ ਬਾਣੀ ਨਾਲ ਸੰਗਤ ਨੂੰ ਨਿਹਾਲ ਕਰਨ ਲਈ ਵੱਖ-ਵੱਖ ਕੀਰਤਨੀ ਅਤੇ ਰਾਗੀ ਢਾਡੀ ਜਥੇ ਵੀ ਇਸ ਮਹਾਨ ਪ੍ਰਕਾਸ਼ ਪੁਰਬ ਮੌਕੇ ਆਪਣੀ ਹਾਜ਼ਰੀ ਭਰਨ ਲਈ ਪਹੁੰਚ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹਨ।