ਅੰਮ੍ਰਿਤਸਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨੂੰ ਲੈ ਕੇ ਜਿੱਥੇ ਵਿਰਾਸਤੀ ਮਾਰਗ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੱਕੇ ਤੌਰ 'ਤੇ ਮੋਰਚਾ ਲਾਇਆ ਹੋਇਆ ਹੈ, ਉੱਥੇ ਹੀ ਪੰਥਕ ਇਨਸਾਫ਼ ਮੋਰਚਾ ਦੇ ਆਗੂ ਆਪਣੇ ਤੌਰ 'ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਨਹੀਂ ਹੋਏ, ਸ਼ਰਾਰਤੀ ਅਨਸਰ ਪਾ ਰਹੇ ਨੇ ਰੌਲਾ :ਜਥੇਦਾਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗ਼ਾਇਬ ਸੰਬੰਧੀ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਨਹੀਂ ਹੋਏ, ਇਹ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਵੱਲੋਂ ਰੌਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬੀੜਾਂ ਦੇ ਹਿਸਾਬ ਕਿਤਾਬ ਵਿੱਚ ਫ਼ਰਕ ਹੈ ਤੇ ਕਿਤੇ ਨਾ ਕਿਤੇ ਭੇਟਾਂ ਜਮ੍ਹਾਂ ਕਰਾਉਣ ਵਿੱਚ ਫ਼ਰਕ ਪੈ ਰਿਹਾ ਹੈ। ਇਸ ਸਾਰੇ ਦੇ ਬਾਵਜੂਦ ਦੋਸ਼ੀ ਵਿਅਕਤੀਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕੀਤੀ ਗਈ।
ਰਜਿੰਦਰ ਸਿੰਘ ਮਹਿਤਾ ਨੇ ਅਹੁਦਾ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਇਹ ਗੱਲ ਸਿੱਖ ਜਗਤ ਨੂੰ ਆਪਣੇ ਮਸਤਕ ਵਿੱਚ ਰੱਖਣੀ ਚਾਹੀਦੀ ਹੈ ਕਿ ਮਾਮਲਾ ਸਾਲ 2016 ਦਾ ਹੈ ਅਤੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਮੱਕੜ ਸਨ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਜੇ ਉਹ ਹੁੰਦੇ ਤਾਂ ਉਨ੍ਹਾਂ ਨੂੰ ਸਰੂਪਾਂ ਬਾਰੇ ਪੁੱਛ ਲੈਂਦੇ।
ਉਨ੍ਹਾਂ ਕਿਹਾ ਕਿ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਿੰਮੇਵਾਰੀ ਲੈਂਦਿਆਂ ਕੌਮ ਦੇ ਸਨਮਾਨ ਅਤੇ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਗੁਰਦੁਆਰਾ ਸਾਰਾਗੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਝਾੜੂ ਦੀ ਸੇਵਾ ਲਾਈ, ਪੜਤਾਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਭਰਾ ਕਾਹਲੇ ਨਾ ਪੈਣ। ਉਨ੍ਹਾਂ ਕਿਹਾ ਕਿ ਧਰਨਾ ਲਾਉਣ ਨੂੰ ਇਹ ਕੋਈ ਦੁਨਿਆਵੀ ਪਾਰਲੀਮੈਂਟ ਨਹੀਂ ਸਗੋਂ ਇਸ ਪਵਿੱਤਰ ਜਗ੍ਹਾ ਉੱਪਰ ਤਾਂ ਆਪਣਾ ਸੀਸ ਰੱਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਨ ਜਗਾ ਸ਼ਬਦ ਕੀਰਤਨ ਸੁਣੋ,ਸੇਵਾ ਕਰੋ। ਉਨ੍ਹਾਂ ਕਿਹਾ ਕਿ ਕਈ ਵਾਰ ਧਰਨੇ ਲਾਉਣ ਪਿੱਛੇ ਕੋਈ ਹੋਰ ਮਨਸ਼ਾ ਹੁੰਦੀ ਹੈ।