ਸਿੱਖ ਮਰਿਆਦਾ ਦੇ ਉਲਟ ਗੁਰਦੁਆਰਾ ਸਾਹਿਬ 'ਚ ਦੋ ਕੁੜੀਆਂ ਦੇ ਆਪਸ 'ਚ ਕਰਵਾਏ ਅਨੰਦ ਕਾਰਜ ਅੰਮ੍ਰਿਤਸਰ: ਬਠਿੰਡਾ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਕੈਨਾਲ ਕਲੋਨੀ, ਮੁਲਤਾਨੀਆ ਰੋਡ ਵਿਖੇ ਪਿਛਲੇ ਦਿਨੀਂ ਦੋ ਲੜਕੀਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਨੰਦ ਕਾਰਜ ਕਰਵਾਉਣ ਦੀ ਘਟਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਨੈਤਿਕ ਅਤੇ ਧਾਰਮਿਕ ਤੌਰ ‘ਤੇ ਘੋਰ ਉਲੰਘਣਾ ਕਰਾਰ ਦਿੰਦਿਆਂ ਇਸ ਅਨੰਦ ਕਾਰਜ ਵਿਚ ਸ਼ਾਮਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਸਾਰੇ ਕੰਮਕਾਜਾਂ ‘ਤੇ ਤੁਰੰਤ ਰੋਕ ਦਾ ਆਦੇਸ਼ ਦਿੱਤਾ ਹੈ। (Anand Karaj Between Two Girls ) (Sikh ethics)
ਜਥੇਦਾਰ ਵਲੋਂ ਸੁਚੇਤ ਰਹਿਣ ਦਾ ਆਦੇਸ਼: ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਦੋ ਲੜਕੀਆਂ ਦਾ ਵਿਆਹ ਸਿੱਖ ਰਹਿਤ ਮਰਿਆਦਾ ਦੇ ਉਲਟ ਤਾਂ ਹੈ ਹੀ ਬਲਕਿ ਗੈਰ-ਕੁਦਰਤੀ ਵੀ ਹੈ। ਉਨ੍ਹਾਂ ਨੇ ਸੰਸਾਰ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਨੂੰ ਇਸ ਉਲਟ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਸੁਚੇਤ ਰਹਿਣ ਦਾ ਆਦੇਸ਼ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਸਿੱਖਾਂ ਨੂੰ ਆਪਣੇ ਸਾਰੇ ਕਾਰਜ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਹੀ ਕਰਨੇ ਚਾਹੀਦੇ ਹਨ। ਸਿੰਘ ਸਾਹਿਬ ਜੀ ਨੇ ਬਠਿੰਡਾ ਵਿਚ 18 ਸਤੰਬਰ 2023 ਨੂੰ ਦੋ ਲੜਕੀਆਂ ਦੁਆਰਾ ਆਪਸ ਵਿਚ ਅਨੰਦ ਕਾਰਜ ਕਰਵਾਉਣ ਦੀ ਸਾਰੀ ਘਟਨਾ ਬਾਰੇ ਇਕ ਧਾਰਮਿਕ ਸਬ-ਕਮੇਟੀ ਬਣਾ ਕੇ ਜਲਦ ਤੋਂ ਜਲਦ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਵੀ ਕਿਹਾ ਹੈ।
ਕੀ ਹੈ ਪੂਰਾ ਮਾਮਲਾ:ਮਾਮਲਾ ਬਠਿੰਡਾ ਦੇ ਮੁਲਤਾਨੀਆਂ ਪੁਲ ਨਜਦੀਕ ਸਥਿਤੀ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਵਿੱਚ 18 ਸਤੰਬਰ ਨੂੰ ਦੋ ਕੁੜੀਆਂ ਦੇ ਅਨੰਦ ਕਾਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਇਸ ਗੱਲ ਦਾ ਪਤਾ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਲੱਗਾ ਤਾਂ ਉਹ ਗੁਰਦੁਆਰਾ ਕਲਗੀਧਰ ਸਾਹਿਬ (Two Girl Marriage In Gurudwara) ਵਿੱਚ ਪਹੁੰਚੇ। ਇਸ ਗੱਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼ਿਕਾਇਤ ਵੀ ਦਿੱਤੀ ਗਈ। ਜਿਨ੍ਹਾਂ ਵੱਲੋਂ ਅਕਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਜਾਣਕਾਰੀ ਲੈਣ ਲਈ ਭੇਜਿਆ ਗਿਆ।
ਜਾਣੂ ਹੋਣ ਤੋਂ ਬਾਅਦ ਵੀ ਜਾਣ ਬੁੱਝ ਕੇ ਗ਼ਲਤੀ:ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀ ਦੇ ਆਗੂ ਪਰਮਿੰਦਰ ਸਿੰਘ ਬਲਿਆਂਵਾਲੀ ਨੇ ਦੱਸਿਆ ਸੀ ਕਿ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗ੍ਰੰਥੀ ਸਿੰਘਾਂ ਨੇ ਅਤੇ ਮੈਨੇਜਮੈਂਟ ਕਮੇਟੀ ਨੇ ਇਸ ਗੱਲ ਤੋਂ ਜਾਣੂ ਹੋਣ ਤੋਂ ਬਾਅਦ ਵੀ ਜਾਣ ਬੁੱਝ ਕੇ ਗ਼ਲਤੀ ਕੀਤੀ ਹੈ। ਹੋ ਸਕਦਾ ਹੈ ਕਿ ਪਰਿਵਾਰ ਵਲੋਂ ਉਨ੍ਹਾਂ ਨੂੰ ਲਾਲਚ ਦਿੱਤਾ ਗਿਆ ਹੋਵੇ। ਪਰ, ਇਹ ਗ਼ਲਤੀ ਨਾ ਮਨਜ਼ੂਰ ਹੈ। ਇਸ ਗੱਲ ਦਾ ਫੈਸਲਾ ਅਕਾਲ ਤਖ਼ਤ ਜਥੇਦਾਰ ਸਾਹਿਬ ਵੱਲੋਂ ਲਿਆ ਜਾਣਾ ਹੈ, ਪਰ ਸਾਡੀ ਅਪੀਲ ਹੈ ਕਿ ਅਜਿਹੇ ਗੈਰ ਜ਼ਿੰਮੇਵਾਰ ਗ੍ਰੰਥੀ ਸਿੰਘਾਂ ਖ਼ਿਲਾਫ਼ ਸਖਤ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ਇਹ ਸਭ ਕੁੱਝ ਸਿੱਖ ਮਰਿਆਦਾ ਦੇ ਉਲਟ ਹੈ ਅਤੇ ਗ੍ਰੰਥੀ ਸਿੰਘ ਵੱਲੋਂ ਇਸ ਸਾਰੀ ਘਟਨਾ ਨੂੰ ਜਾਣ-ਬੁੱਝ ਕੇ ਅੰਜਾਮ ਦਿੱਤਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਸੀ ਰਿਪੋਰਟ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦੋ ਲੜਕੀਆਂ ਦੇ ਆਪਸ ਵਿੱਚ ਅਨੰਦ ਕਾਰਜ ਕਰਵਾਉਣ ਦੀ ਘਟਨਾ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਾਰ ਕਮੇਟੀ ਮੈਬਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਮੌਕੇ ਤੇ ਜਾ ਕੇ ਘਟਨਾ ਦਾ ਜਾਇਜ਼ਾ ਲੈਣ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਤੋਂ ਇਸ ਘਟਨਾ ਸਬੰਧੀ ਸਪੱਸ਼ਟੀਕਰਨ ਮੰਗਣ। ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਲਿਆ ਗਿਆ। ਉਨ੍ਹਾਂ ਕਿਹਾ ਸੀ ਕਿ ਗ੍ਰੰਥੀ ਸਿੰਘ ਵੱਲੋਂ ਜੋ ਗ਼ਲਤੀ ਕੀਤੀ ਗਈ ਹੈ, ਉਸ ਗ਼ਲਤੀ ਬਾਰੇ ਉਸ ਨੂੰ ਪਹਿਲਾਂ ਤੋਂ ਹੀ ਪਤਾ ਸੀ ਅਤੇ ਪਤਾ ਹੋਣ ਦੇ ਬਾਵਜੂਦ ਆਨੰਦ ਕਾਰਜ ਕਰਵਾਏ ਗਏ, ਜੋ ਕਿ ਸਿੱਖ ਮਰਿਆਦਾ ਦੇ ਉਲਟ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਾਰੀ ਰਿਪੋਰਟ ਭੇਜ ਦਿੱਤੀ ਹੈ। ਅੱਗੇ ਉਨ੍ਹਾਂ ਵੱਲੋਂ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾਵੇਗੀ। ਜਿਸ 'ਚ ਹੋਣ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਹ ਕਾਰਵਾਈ ਕੀਤੀ ਗਈ ਹੈ।