ਅੰਮ੍ਰਿਤਸਰ: ਬੀਤੇਂ ਦਿਨੀਂ ਵਿਵਾਦਤ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਵਿੱਚ ਕੁਝ ਰਸਦ ਭੇਟ ਕੀਤੀ ਸੀ। ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ, ਦਰਬਾਰ ਸਾਹਿਬ ਦੇ ਮੀਤ ਮੈਨੇਜਰ ਗੁਰਾ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਆਈ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਚੱਲਦਿਆਂ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵਿੱਚ ਕਾਫ਼ੀ ਰੋਸ ਵੇਖਣ ਨੂੰ ਮਿਲਿਆ।
ਸੰਗਤ ਵਿੱਚ ਰੋਸ ਹੋਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਨਜਿੰਦਰ ਸਿੰਘ ਮੰਡ ਦੀ ਬਦਲੀ ਕੁਰੂਕਸ਼ੇਤਰ ਤੇ ਗੁਰਾ ਸਿੰਘ ਦੀ ਬਦਲੀ ਉੱਤਰ ਪ੍ਰਦੇਸ਼ ਵਿੱਚ ਕਰ ਦਿੱਤੀ।
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮਨਜਿੰਦਰ ਸਿੰਘ ਮੰਡ ਤੇ ਗੁਰਾ ਸਿੰਘ ਦੀ ਬਦਲੀ ਤਾਂ ਕਰ ਦਿੱਤੀ ਗਈ ਪਰ ਭਗਵੰਤ ਸਿੰਘ ਸਿਆਲਕਾ ਨੂੰ ਕੋਈ ਸਜਾ ਨਹੀਂ ਲਗਾਈ ਗਈ। ਸਜਾ ਨਾ ਲਾਉਣ 'ਤੇ ਸੰਗਤ ਨੇ ਦਬਾਅ ਪਾਇਆ ਤੇ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਲਈ 4 ਮੈਂਬਰੀ "ਪੜਤਾਲੀਆ ਸਬ ਕਮੇਟੀ" ਬਣਾਈ। ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ, ਸਕੱਤਰ ਸਿੰਘ ਨੂੰ ਫਲਾਈਂਗ ਕੁਆਰਡੀਨੇਟਰ ਬਣਾਇਆ ਹੈ।