ਜਵਾਈ ਵੱਲੋਂ ਸਾਲੇ ਉਤੇ ਜਾਨਲੇਵਾ ਹਮਲਾ ਅੰਮ੍ਰਿਤਸਰ :ਪੰਜਾਬ ਵਿਚ ਲਗਾਤਾਰ ਵਧਦੀਆਂ ਲੁੱਟਾਂ-ਖੋਹਾਂ ਤੇ ਕੁੱਟਮਾਰ ਦੀਆਂ ਵਾਰਦਾਤਾਂ ਕਾਨੂੰਨੀ ਪ੍ਰਬੰਧਾਂ ਉਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੀਆਂ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਸੂਬੇ ਅਮਨ ਸ਼ਾਂਤੀ ਬਰਕਰਾਰ ਰੱਖਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਪਰ ਜ਼ਮੀਨੀ ਪੱਧਰ ਉਤੇ ਸੱਚਾਈ ਕੁਝ ਹੋਰ ਹੀ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਚਾਚੇ ਦੇ ਜਵਾਈ ਵੱਲੋਂ ਸਾਲੇ ਦੀ ਦੁਕਾਨ ਉਤੇ ਜਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਇਸ ਵਾਰਦਾਤ ਦੀ ਫੁਟੇਜ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਅਧੀਨ ਆਉਂਦੇ ਇਲਾਕਾ ਕਟੜਾ ਸਫੇਦ ਵਿਖੇ ਇਕ ਕਬਾੜੀਏ ਦਾ ਕੰਮ ਕਰਨ ਵਾਲੇ ਸੰਨੀ ਨਾਮਕ ਯੁਵਕ ਉਤੇ ਕੁਝ ਹਥਿਆਰਬੰਦ ਨੌਜਵਾਨਾ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਸੰਨੀ ਗੰਭੀਰ ਜ਼ਖਮੀ ਹੋਇਆ ਹੈ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਜ਼ਖਮੀ ਹਾਲਤ ਵਿਚ ਸੰਨੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਜਵਾਈ ਦਾ ਚਾਚੇ ਨਾਲ ਚੱਲ ਰਿਹਾ ਸੀ ਵਿਵਾਦ :ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਬਾੜ ਦਾ ਕੰਮ ਕਰਨ ਵਾਲੇ ਸੰਨੀ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦਾ ਜਵਾਈ, ਜਿਸ ਦਾ ਨਾਂ ਸਾਜਨ ਉਰਫ ਭੋਲੂ ਹੈ, ਵੱਲੋਂ ਉਸ ਉਤੇ ਹਮਲਾ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਸਾਜਨ ਦਾ ਮੇਰੇ ਚਾਚੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸ ਉਤੇ ਸਾਡੇ ਵੱਲੋਂ ਆਪਣੇ ਜਵਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਗਲੇ ਦਿਨ ਸਾਜਨ ਨੇ ਉਸ ਦੀ ਦੁਕਾਨ ਉਤੇ ਹਮਲਾ ਕਰ ਦਿੱਤਾ। ਸੰਨੀ ਦਾ ਕਹਿਣਾ ਹੈ ਕਿ ਸਾਜਨ ਨਾਲ ਕਰੀਬ 8 ਤੋਂ 10 ਅਣਪਛਾਤੇ ਨੌਜਵਾਨ ਸੀ ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ ਉਤੇ ਹਮਲਾ ਕੀਤਾ ਹੈ। ਪੀੜਤ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਦੀ ਦੁਕਾਨ ਦੇ ਗੱਲੇ ਵਿਚੋਂ ਹਮਲਾਵਰਾਂ ਵੱਲੋਂ 2 ਲੱਖ ਦੇ ਕਰੀਬ ਰਕਮ ਵੀ ਲੁੱਟੀ ਗਈ ਹੈ। ਨੌਜਵਾਨ ਨੇ ਹਮਲਾਵਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ :Bandi Singh Parole: ਜਾਣੋ ਕੌਣ ਹਨ ਗੁਰਦੀਪ ਸਿੰਘ ਖੇੜਾ, ਕਿਹੜੇ ਮੁਕੱਦਮਿਆਂ 'ਚ ਕੱਟ ਰਹੇ ਨੇ ਜੇਲ੍ਹ
ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ :ਇਸ ਸੰਬਧੀ ਗਲਬਾਤ ਕਰਦੀਆਂ ਪੁਲਿਸ ਥਾਣਾ ਐੱਸਐੱਚਓ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰ ਪੀੜਤ ਨੌਜਵਾਨ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।