Social service organization: ਸੜਕਾਂ ਉੱਤੇ ਲਾਵਾਰਿਸ ਘੁੰਮਦੇ ਬੱਚੇ ਨੂੰ ਸਮਾਜ ਸੇਵੀ ਸੰਸਥਾ ਨੇ ਸਾਂਭਿਆ, ਘਰਦਿਆਂ ਕੋਲ ਪਹੁੰਚਾ ਕੇ ਇਲਾਜ ਦਾ ਚੁੱਕਿਆ ਬੀੜਾ ਅੰਮ੍ਰਿਤਸਰ: ਅਸੀਂ ਅਕਸਰ ਸੜਕਾਂ ਉੱਤੇ ਆਉਂਦੇ ਜਾਂਦੇ ਕਈ ਲੋੜਵੰਦ ਬੱਚਿਆਂ ਨੂੰ ਸੜਕ ਕਿਨਾਰੇ ਬੈਠੇ ਜਾਂ ਰਾਹੀਗਰਾਂ ਤੋ ਮਦਦ ਮੰਗਦੇ ਦੇਖਿਆ ਹੋਵੇਗਾ। ਇਸ ਦੌਰਾਨ ਜਿਆਦਾਤਰ ਇਹ ਵੀ ਦੇਖਿਆ ਹੋਵੇਗਾ ਕਿ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜੋ ਅਜਿਹੇ ਬੱਚਿਆਂ ਦੇ ਕੋਲ ਜਾ ਕੇ ਉਹਨਾ ਦੀ ਗੱਲ ਸੁਣਨਾ ਜਾਂ ਮਦਦ ਕਰਨ ਦੀ ਖੇਚਲ ਕਰਦਾ ਹੋਵੇ, ਪਰ ਅੱਜ ਵੀ ਸਮਾਜ ਵਿੱਚ ਕੁਝ ਅਜਿਹੇ ਲੋਕ ਨੇ ਜੋ ਲੋੜਵੰਦ ਦੀ ਮਦਦ ਲਈ ਹੱਥ ਵਧਾਉਂਦੇ ਨਜ਼ਰ ਆ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਬੱਚੇ ਦੀ ਜੋ ਮਾਨਸਿਕ ਤੌਰ ਉੱਤੇ ਠੀਕ ਨਾ ਹੋਣ ਕਾਰਨ ਸੜਕ ਤੇ ਘੁੰਮਦੇ ਫਿਰਦੇ ਕੂੜਾ ਕਰਕਟ ਵਿੱਚੋਂ ਕਥਿਤ ਤੌਰ ਉੱਤੇ ਅਣਜਾਣੇ ਵਿੱਚ ਕੁਝ ਨਾ ਕੁਝ ਚੁੱਕ ਕੇ ਖਾ ਜਾਂਦਾ ਸੀ।
ਸਮਾਜ ਸੇਵੀ ਸੰਸਥਾ: ਇਸ ਸਾਰੇ ਘਟਨਾਕ੍ਰਮ ਦੇਖ ਕੇ ਇੱਕ ਸੰਸਥਾ ਵੱਲੋਂ ਬੇਹੱਦ ਸ਼ਲਾਘਾਯੋਗ ਕਦਮ ਚੁੱਕਦਿਆਂ ਉਸਦੀ ਮਦਦ ਹੀ ਨਹੀਂ ਬਲਕਿ ਉਸਦੇ ਇਲਾਜ ਲਈ ਵੀ ਯੋਗ ਉਪਰਾਲਾ ਕੀਤਾ ਗਿਆ ਹੈ। ਗੱਲਬਾਤ ਦੌਰਾਨ ਪੰਜਾਬ ਏਕਤਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅਕਸਰ ਇਹ ਬੱਚਾ ਜੰਡਿਆਲਾ ਵਿੱਚ ਸੜਕਾਂ ਉੱਤੇ ਘੁੰਮਦੇ ਦੇਖਿਆ ਜਾਂਦਾ ਸੀ। ਜਿਸਦਾ ਪਤਾ ਚੱਲਣ ਉੱਤੇ ਉਨ੍ਹਾਂ ਮਾਮਲਾ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਿੰਟੂ ਦੇ ਧਿਆਨ ਵਿੱਚ ਲਿਆਂਦਾ। ਜਿਨ੍ਹਾਂ ਪਰਿਵਾਰ ਨਾਲ ਰਾਬਤਾ ਕਰ ਉਨ੍ਹਾਂ ਦੀ ਸਹਿਮਤੀ ਉੱਤੇ ਬੱਚੇ ਦਾ ਇਲਾਜ ਕਰਨ ਦਾ ਭਰੋਸਾ ਦਿੱਤਾ।
ਦਲਜੀਤ ਸਿੰਘ ਨੇ ਕਿਹਾ ਕਿ ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾ ਦਾ ਪੁੱਤਰ ਜੋ ਕਿ ਬਚਪਨ ਤੋਂ ਹੀ ਅਜਿਹੀ ਹਾਲਤ ਵਿੱਚ ਹੈ ਅਤੇ ਸਾਰਾ ਦਿਨ ਸੜਕਾਂ ਉੱਤੇ ਘੁੰਮਦਾ ਰਹਿੰਦਾ ਹੈ। ਜਿਸਦਾ ਇਲਾਜ ਕਰਵਾਉਣ ਉਹ ਆਰਥਿਕ ਤੌਰ 'ਤੇ ਅਸਮਰੱਥ ਹੋਣ ਕਾਰਨ ਇਲਾਜ ਨਹੀ ਕਰਵਾ ਸਕੇ। ਦੇਖਣ ਤੋ ਚਾਹੇ ਇਹ ਬੱਚਾ ਬਹੁਤ ਛੋਟੀ ਉਮਰ ਦਾ ਜਾਪਦਾ ਹੈ ਪਰ ਇਸਦੀ ਉਮਰ ਕਰੀਬ 16-17 ਸਾਲ ਦੀ ਹੈ। ਬੱਚੇ ਦੇ ਪਰਿਵਾਰ ਨੇ ਕਿਹਾ ਕਿ ਉਹ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਉਹਨਾ ਦੇ ਪੁੱਤਰ ਦਾ ਇਲਾਜ ਕਰਵਾਉਣ ਦਾ ਬੀੜਾ ਚੁੱਕਿਆ ਹੈ।
ਇਹ ਵੀ ਪੜ੍ਹੋ:Helping punjabis in Libya: ਲੀਬੀਆ ਵਿੱਚ ਫ਼ਸੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਆਰਥਿਕ ਮਦਦ
ਸੰਗਤ ਪਾ ਰਹੀ ਯੋਗਦਾਨ:ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾ ਨੇ ਇਹ ਸੰਸਥਾ ਪਿਛਲੇ ਦੋ ਢਾਈ ਮਹੀਨੇ ਤੋਂ ਹੀ ਸ਼ੁਰੂ ਕੀਤੀ ਹੈ। ਉਹਨਾਂ ਕਿਹਾ ਕਿ ਸੰਸਥਾ ਦਾ ਮਕਸਦ ਹੈ ਕਿ ਜੋ ਵੀ ਉਚੇਚਾ ਧਿਆਨ ਮੰਗਦੇ ਬੱਚੇ ਵਿਅਕਤੀ ਬੇਸਹਾਰਾ ਲੋਕ ਸੜਕਾਂ ਉੱਤੇ ਘੁੰਮਦੇ ਫਿਰਦੇ ਹਨ। ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਉਹ ਵੀ ਆਪਣੀ ਜਿੱਲਤ ਭਰੀ ਜਿੰਦਗੀ ਛੱਡ ਕੇ ਆਮ ਲੋਕਾਂ ਵਾਂਗ ਜਿੰਦਗੀ ਬਸਰ ਕਰ ਸਕਣ। ਉਹਨਾ ਦੱਸਿਆ ਕਿ ਉਹ ਫਿਲਹਾਲ ਆਪਣੀ ਸੁਸਾਇਟੀ ਦੇ ਮੈਂਬਰਾਂ ਕੋਲੋ ਹੀ ਪੈਸੇ ਇਕੱਠੇ ਕਰ ਕੇ ਇਹ ਉਪਰਾਲਾ ਕਰ ਰਹੇ ਹਨ ਅਤੇ ਅੱਗੋ ਇਲਾਕੇ ਦੀਆਂ ਸੰਗਤਾਂ ਨੇ ਵੀ ਉਹਨਾ ਨੂੂੰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ।