ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਸੂਬੇ ਦੇ ਨਾਲ-ਨਾਲ ਦੇਸ਼ ਭਰ ਵਿੱਚ ਮੌਤਾਂ ਤੇ ਪੀੜਤਾਂ ਦੇ ਵਾਧੇ ਦਾ ਸਿਲਸਿਲਾ ਜਾਰੀ ਹੈ। ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਭੀੜ ਵਾਲੀ ਜ਼ਰੂਰੀ ਥਾਵਾਂ ਉੱਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਯਮ ਨੂੰ ਕਾਇਮ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਵੀ ਇਸ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਜਿਸ ਦੇ ਬਾਵਜੂਦ ਕਿਤੇ ਨਾ ਕਿਤੇ ਸਮਾਜਿਕ ਦੂਰੀ ਦਾ ਉਲੰਘਣ ਕੀਤਾ ਜਾ ਰਿਹਾ ਹੈ। ਇੱਥੇ ਜ਼ਿਕਰ ਕਰ ਦਈਏ ਕਿ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵੱਲਾ ਵਿਖੇ ਲੋਕਾਂ ਦੀ ਕਾਫ਼ੀ ਭੀੜ ਵੇਖਣ ਨੂੰ ਮਿਲੀ ਜਿੱਥੇ ਭੀੜ ਹਟਾਉਣ ਸਬੰਧੀ ਪ੍ਰਸ਼ਾਸਨ ਵੀ ਅਸਮਰਥ ਨਜ਼ਰ ਆਇਆ।
ਸਵੇਰੇ ਸੁਵੱਖਤੇ ਤਿੰਨ ਵਜੇ ਹੀ ਮੀਡੀਆ ਕੋਲ ਭੀੜ ਦੀਆਂ ਇਹ ਤਸਵੀਰਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਤੇ ਪੁਲਿਸ ਵਲੋਂ ਵੀ ਆਪਣੇ ਤੌਰ 'ਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਮੁਨਾਦੀ ਵਿੱਚ ਚਾਰ ਏਸੀਪੀ, ਕੁਝ ਇੰਸਪੈਕਟਰ ਤੇ ਹੋਰ ਬਾਕੀ ਫੋਰਸ ਤਾਇਨਾਤ ਕੀਤੀ ਗਈ ਪਰ ਫਿਰ ਵੀ ਲੋਕ ਇਕ-ਦੂਜੇ 'ਤੇ ਚੜ੍ਹੇ ਹੋਏ ਸਨ ਤੇ ਭੀੜ ਕੰਟਰੋਲ ਵਿੱਚ ਨਹੀਂ ਹੋ ਰਹੀ ਸੀ।
ਜਦੋਂ ਮੀਡੀਆ ਨੇ ਪੁਲਿਸ ਅਧਿਕਾਰੀ ਏਸੀਪੀ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕਿਹਾ ਪੁਲਿਸ ਮਹਿਕਮੇ ਵਲੋਂ ਏਸੀਪੀ, 2 ਏਡੀਸੀਪੀ, 7 ਪੁਲਿਸ ਇੰਸਪੈਕਟਰ, ਥਾਣਾ ਮੁਖੀ ਤੇ 100 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਰਾਤ 12 ਵਜੇ ਦੇ ਮੰਡੀ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ। ਇਸ ਦੇ ਨਾਲ ਹੀ ਮੰਡੀ ਸ਼ੁਰੂ ਹੋਣ 'ਤੇ ਇੱਕ-ਇੱਕ ਵਿਅਕਤੀ ਦਾ ਪਾਸ ਚੈੱਕ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਨੂੰ ਮੰਡੀ ਵਿੱਚ ਜਾਣ ਦਿੱਤਾ ਜਾ ਰਿਹਾ ਹੈ।