ਅੰਮ੍ਰਿਤਸਰ: ਭਾਜਪਾ ਦੇ ਚਾਣਕਯ ਮੰਨੇ ਜਾਣ ਵਾਲੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਦੇਹਾਂਤ ਨਾਲ ਜਿੱਥੇ ਪੂਰੇ ਦੇਸ਼ ਨੂੰ ਗਹਿਰਾ ਸਦਮਾ ਲੱਗਾ ਹੈ, ਉਥੇ ਹੀ ਅੰਮ੍ਰਿਤਸਰ ਵਿੱਚ ਰਹਿੰਦੀ ਅਰੁਣ ਜੇਟਲੀ ਦੀ ਭੈਣ ਅਨੂਤਰੀਕਾ ਵੀ ਸਦਮੇ ਵਿੱਚ ਹਨ।
ਅਰੁਣ ਜੇਟਲੀ ਨੂੰ ਪੰਜਾਬ ਨਾਲ ਸੀ ਖ਼ਾਸ ਮੋਹ, ਭੈਣ ਨੇ ਯਾਦ ਕੀਤਾ ਗੁਜ਼ਰਿਆ ਸਮਾਂ - ਅੰਮ੍ਰਿਤਸਰ
ਕੇਂਦਰ ਦੀ ਰਾਜਨੀਤੀ 'ਚ ਆਪਣੀ ਵੱਖਰੀ ਜਗ੍ਹਾ ਬਣਾਉਣ ਵਾਲੇ ਅਰੁਣ ਜੇਤਲੀ ਦਾ ਅੰਮ੍ਰਿਤਸਰ ਨਾਲ ਅਟੁੱਟ ਰਿਸ਼ਤਾ ਸੀ। ਇਹੀ ਕਾਰਨ ਹੈ ਕਿ ਉਹ ਇੱਥੋਂ ਚੋਣ ਲੜੇ ਅਤੇ ਹਾਰ ਦੇ ਬਾਵਜੂਦ ਇਸ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਕਾਇਮ ਰਿਹਾ। ਅੰਮ੍ਰਿਤਸਰ ਵਿੱਚ ਰਹਿੰਦੀ ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਅਨੂਤਰੀਕਾ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਰੁਣ ਜੇਟਲੀ ਜਦ ਵੀ ਅੰਮ੍ਰਿਤਸਰ ਆਉਂਦੇ ਤਾਂ ਉਨ੍ਹਾਂ ਦੇ ਘਰ ਜਰੂਰ ਹੋ ਕੇ ਜਾਂਦੇ ਸਨ। ਅਨੂਤਰੀਕਾ ਦੇ ਪਤੀ ਅਨੂਪ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘਰ ਵਾਲੀ ਅਰੁਣ ਜੇਟਲੀ ਦੀ ਭੈਣ ਲੱਗਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਰੁਣ ਜੇਟਲੀ ਦੇ ਪਿਤਾ ਸੱਤ ਭਰਾ ਸਨ ਜਿਹੜੇ ਕਿ ਪਾਕਿਸਤਾਨ ਵਿੱਚ ਰਹਿੰਦੇ ਸਨ 'ਤੇ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਉਹ ਪਾਕਿਸਤਾਨ ਤੋਂ ਭਾਰਤ ਆ ਗਏ ਤੇ ਅੰਮ੍ਰਿਤਸਰ ਆਪਣੀ ਭੂਆ ਦੇ ਘਰ ਰਹਿਣ ਲੱਗ ਪਏ। ਕੁਝ ਸਮਾਂ ਅੰਮ੍ਰਿਤਸਰ ਵਿੱਚ ਰਹਿਣ ਤੋਂ ਬਾਅਦ ਉਹ ਦੂਸਰੇ ਸ਼ਹਿਰ ਵਿੱਚ ਜਾ ਕੇ ਵੱਸ ਗਏ।
ਅਨੂਪ ਦਾ ਕਹਿਣਾ ਹੈ ਕਿ ਅਰੁਣ ਜੇਟਲੀ ਦੀ ਸੋਚ ਸੀ ਕਿ ਉਹ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣ। ਜਿਸ ਸਦਕਾ ਉਨ੍ਹਾਂ ਨੇ ਕਈ ਨੌਜਵਾਨ ਆਗੂਆਂ ਨੂੰ ਭਾਜਪਾ ਵਿੱਚ ਉੱਚਾ ਮੁਕਾਮ ਦਵਾਇਆ। ਉਨ੍ਹਾਂ ਨੇ ਕਿਹਾ ਕਿ ਅਰੁਣ ਜੇਟਲੀ ਦਾ ਅੰਮ੍ਰਿਤਸਰ ਨਾਲ ਖ਼ਾਸ ਪਿਆਰ ਸੀ ਇਸੇ ਕਾਰਨ ਹੀ ਉਨ੍ਹਾਂ ਨੇ ਅੰਮ੍ਰਿਤਸਰ ਤੋਂ 2014 ਵਿੱਚ ਲੋਕ ਸਭਾ ਚੋਣ ਲੜੀ ਸੀ। ਅੰਮ੍ਰਿਤਸਰ ਵਿੱਚ ਹੀ ਅਰੁਣ ਜੇਟਲੀ ਦੇ ਨਾਨਕੇ ਰਹਿੰਦੇ ਸਨ ਜਿਸ ਕਾਰਨ ਇਹ ਪਿਆਰ ਹੋਰ ਵੀ ਜ਼ਿਆਦਾ ਸੀ।