ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਖੇ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਪਹੁੰਚੇ ਹਨ ਜਿੱਥੇ ਉਨ੍ਹਾਂ ਨੇ ਐੱਸਜੀਪੀਸੀ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਬਾਰੇ ਗੱਲਬਾਤ ਕਰਦੇ ਹੋਏ ਈਮਾਨ ਸਿੰਘ ਮਾਨ ਨੇ ਦੱਸਿਆ ਕਿ ਉਹ ਇਕ ਮੰਗ ਪੱਤਰ ਲੈ ਕੇ ਆਏ ਹਨ ਜਿਸ ਵਿੱਚ ਉਨ੍ਹਾਂ ਨੇ ਐੱਸਜੀਪੀਸੀ ਤੋਂ ਇਹ ਪੁੱਛਿਆ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਐਸਜੀਪੀਸੀ ਕਿਸ ਸ਼੍ਰੇਣੀ ਵਿੱਚ ਰੱਖਦੀ ਹੈ ਜਿਸ ਨੂੰ ਸਮਝ ਕੇ ਉਨ੍ਹਾਂ ਨੇ ਅਜਾਇਬ ਘਰ ਵਿਖੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਹੈ।
ਭਗਤ ਸਿੰਘ ਦੀ ਸਿੱਖ ਅਜਾਇਬ ਘਰ ’ਚ ਤਸਵੀਰ ’ਤੇ ਨਵਾਂ ਵਿਵਾਦ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਵਿੱਚ ਰਹਿੰਦਿਆਂ ਉਨ੍ਹਾਂ ਵੱਲੋਂ ਲਿਖੀ ਗਈ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਕਿਤਾਬ ਵਿਖਾਉਂਦੇ ਹੋਏ ਅਤੇ ਉਸ ਦੀਆਂ ਸਤਰਾਂ ਪੜ੍ਹਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਖੁਦ ਨੂੰ ਇੱਕ ਨਾਸਤਿਕ ਵਿਅਕਤੀ ਕਿਹਾ ਹੈ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਕਹੇ ਜਾਣ ’ਤੇ ਕਿ ਅਖੀਰ ਉਸ ਨੂੰ ਰੱਬ ਨੂੰ ਮੰਨਣਾ ਪਵੇਗਾ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ।
ਈਮਾਨ ਸਿੰਘ ਨੇ ਕਿਹਾ ਕਿ ਐਸਜੀਪੀਸੀ ਇਕ ਧਾਰਮਿਕ ਸੰਸਥਾ ਹੈ ਅਤੇ ਐੱਸਜੀਪੀਸੀ ਵੱਲੋਂ ਸ਼ਹੀਦ ਭਗਤ ਸਿੰਘ ਜੋ ਕਿ ਉਨ੍ਹਾਂ ਮੁਤਾਬਕ ਇੱਕ ਨਾਸਤਿਕ ਵਿਅਕਤੀ ਸਨ ਉਨ੍ਹਾਂ ਦੀ ਤਸਵੀਰ ਕਿਸ ਸ਼੍ਰੇਣੀ ਦੇ ਹੇਠ ਅਜਾਇਬ ਘਰ ਵਿੱਚ ਲਗਾਈ ਹੈ। ਪੱਤਰਕਾਰਾਂ ਨੂੰ ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਅੱਜ ਐੱਸਜੀਪੀਸੀ ਅਧਿਕਾਰੀਆਂ ਤੋਂ ਮੰਗ ਪੱਤਰ ਰਾਹੀਂ ਇਹ ਪੁੱਛਣ ਆਏ ਹਨ ਕਿ ਭਗਤ ਸਿੰਘ ਦੀ ਤਸਵੀਰ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਸਪੱਸ਼ਟ ਕੀਤਾ ਜਾਵੇ।
ਇਸ ਮੌਕੇ ਐਸਜੀਪੀਸੀ ਅਧਿਕਾਰੀ ਸਰਬਜੀਤ ਸਿੰਘ ਜਿੰਨ੍ਹਾਂ ਨੂੰ ਈਮਾਨ ਸਿੰਘ ਮਾਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਈਮਾਨ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਅਜਾਇਬ ਘਰ ਤੋਂ ਲਾਹੁਣ ਲਈ ਮੰਗ ਪੱਤਰ ਦਿੱਤਾ ਗਿਆ ਹੈ ਜਦਕਿ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਈਮਾਨ ਸਿੰਘ ਮਾਨ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਐੱਸਜੀਪੀਸੀ ਨੂੰ ਅਜਾਇਬ ਘਰ ਤੋਂ ਤਸਵੀਰ ਲਾਹੁਣ ਨਹੀਂ ਕਿਹਾ ਗਿਆ। ਐੱਸਜੀਪੀਸੀ ਅਧਿਕਾਰੀ ਸਤਬੀਰ ਸਿੰਘ ਨੇ ਦੱਸਿਆ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਇਸ ਮੰਗ ਪੱਤਰ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਸਰਬਸੰਮਤੀ ਨਾਲ ਜੋ ਫੈਸਲਾ ਹੋਵੇਗਾ ਉਸ ਬਾਰੇ ਸਾਰਿਆਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਤਰਨ ਤਾਰਨ: ਖੇਤਾਂ ’ਚੋਂ ਮਿਲਿਆ ਬੰਬ ! ਪੁਲਿਸ ਨੂੰ ਪਈਆਂ ਭਾਜੜਾਂ