ਪਾਕਿਸਤਾਨ ਤੋਂ ਭਾਰਤ ਪਹੁੰਚਿਆ ਸਿੱਖ ਸ਼ਰਧਾਲੂਆਂ ਦਾ ਜੱਥਾ, 9 ਫਰਵਰੀ ਨੂੰ ਹੋਵੇਗੀ ਵਾਪਸੀ
ਅੰਮ੍ਰਿਤਸਰ:ਪਾਕਿਸਤਾਨ ਤੋਂ ਅੱਜ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜਾ ਹੈ। ਇਸ ਜਥੇ ਵਿੱਚ 44 ਦੇ ਕਰੀਬ ਸਿੱਖ ਸ਼ਰਧਾਲੂ ਭਾਰਤ ਆਏ ਹਨ। ਜਥਾ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਭਾਰਤ ਵਿੱਚ ਦਰਸ਼ਨ ਕਰਨ ਲਈ ਆਇਆ ਹੈ। ਜਥਾ ਪੰਜਾਬ ਅਤੇ ਦਿੱਲੀ ਵਿਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰੇਗਾ।
ਜਾਣਕਾਰੀ ਮੁਤਾਬਿਕ ਇਸ ਜਥੇ ਦੀ ਅਗਵਾਈ ਪਾਕਿਸਤਾਨ ਦੇ ਸ਼ੇਖੂਪੁਰਾ ਨਨਕਾਣਾ ਸਾਹਿਬ ਤੋਂ ਸੰਬੰਧਿਤ ਹਰਭਜਨ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਜਥਾ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕੇਗਾ ਅਤੇ ਮੁੜ ਦਿੱਲੀ ਲਈ ਰਵਾਨਾ ਹੋਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਜੱਥੇ ਵਿੱਚ ਸ਼ਾਮਿਲ ਸ਼ਰਧਾਲੂਆਂ ਨੇ ਵੀ ਖੁਸ਼ੀ ਦਾ ਇਜਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਵੀਜਾ ਪ੍ਰਣਾਲੀ ਸਰਲ ਕੀਤੀ ਜਾਵੇ ਤਾਂ ਜੋ ਸਿੱਖ ਸ਼ਰਧਾਲੂ ਆਪਣੇ ਗੁਰੂ ਧਾਮਾ ਦੇ ਦਰਸ਼ਨ ਕਰਨ ਲਈ ਆ ਜਾ ਸਕਣ।
ਜਥੇ ਵਿੱਚ ਵਿਦਿਆਰਥੀ ਵੀ:ਰਵਾਨਗੀ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਭਾਰਤ ਆ ਕੇ ਇਥੋਂ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਕਿਸਮ ਦੀ ਕਮੀ ਮਹਿਸੂਸ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਝ ਸ਼ਰਧਾਲੂ ਅਜਿਹੇ ਹਨ ਜੋ ਭਾਰਤ ਵਿਚ ਪਹਿਲੀ ਵਾਰ ਪਾਕਿਸਤਾਨ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਜਥੇ ਵਿੱਚ ਕੁਝ ਸਟੂਡੈਂਟਸ ਵੀ ਹਨ। ਉਨ੍ਹਾਂ ਕਿਹਾ ਕਿ 200 ਦੇ ਕਰੀਬ ਪਾਵਨ ਸਰੂਪ ਜੋ ਅੱਜ ਆਉਣੇ ਸਨ ਉਹ ਕਿਸੇ ਕਾਰਨਾਂ ਕਰਕੇ ਕੁੱਝ ਸਮਾਂ ਬਾਅਦ ਆਉਣਗੇ।
ਇਹ ਵੀ ਪੜ੍ਹੋ:ਆਈਲਟਸ ਫੇਲ੍ਹ ਹੋਏ ਨੌਜਵਾਨ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਮੁਆਵਜ਼ੇ ਦੀ ਕੀਤੀ ਮੰਗ
25 ਦਿਨਾਂ ਦਾ ਵੀਜ਼ਾ:ਇਹ ਜੱਥਾ ਅੰਮ੍ਰਿਤਸਰ ਤੇ ਦਿੱਲੀ ਵਿਖੇ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਇਸ ਜਥੇ ਨੂੰ ਲੈਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਕ ਬਸ ਭੇਜੀ ਗਈ ਸੀ ਅਤੇ ਲੰਗਰ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ 44 ਦੇ ਕਰੀਬ ਸਿੱਖ ਸ਼ਰਧਾਲੂਆਂ ਦਾ ਜੱਥਾ ਅਟਾਰੀ ਵਗ੍ਹਾਆ ਸਰਹੱਦ ਰਾਹੀਂ ਭਾਰਤ ਵਿੱਚ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਆਇਆ ਹੈ ਅਤੇ 25 ਦਿਨ ਦੇ ਵੀਜ਼ੇ ਉੱਤੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਇਹ ਜੱਥਾ 9 ਫਰਵਰੀ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਪਰਤੇਗਾ।