ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਵਿਵਾਦ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਸਾਹਮਣੇ ਆਇਆ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਛਾਪਵਾਈਆਂ ਗਈਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਦੇ ਉੱਪਰ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਲੋਕ ਇਨਸਾਫ ਵੈਲਫੇਅਰ ਸੋਸਾਇਟੀ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਉਹਨਾਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਛਾਪੀਆਂ ਗਈਆਂ ਕਿਤਾਬਾਂ ਦੇ ਉੱਤੇ ਵੀ ਕਈ ਸਵਾਲ ਖੜੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਗੁਰੂ ਸਾਹਿਬਾਨ ਨੂੰ ਕਿਤਾਬਾਂ ਦੇ ਵਿੱਚ ਚੋਰ ਡਾਕੂ ਅਤੇ ਹੋਰ ਵੀ ਕਈ ਭੱਦੀਆਂ ਸ਼ਬਦਾਵਲੀਆਂ ਇਸਤੇਮਾਲ ਕੀਤੀਆਂ ਗਈਆਂ ਹਨ ਜੋ ਕਿ ਹਰਗਿਜ਼ ਬਰਦਾਸ਼ ਨਹੀਂ ਕੀਤੀਆਂ ਜਾਣਗੀਆਂ। (Shiromani Gurdwara Parbandhak Committee)(Amritsar News)
ਧਾਰਮਿਕ ਕਿਤਾਬਾਂ ਨੂੰ ਲੈਕੇ ਵਿਰੋਧ:ਇਸ ਨੂੰ ਲੈਕੇ ਸੰਸਥਾ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਅੱਜ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਇਸ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਪਾਈਆਂ ਜਾ ਰਹੀਆਂ ਕਿਤਾਬਾਂ ਨੂੰ ਲੈ ਕੇ ਗੁਰੂ ਸਾਹਿਬਾਨ ਦੇ ਕਿਰਦਾਰ 'ਤੇ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਹਨ। ਜਿਸ ਤੋਂ ਬਾਅਦ ਇਹ ਕਿਤਾਬਾਂ ਹੁਣ ਤੱਕ ਨਿਰੰਤਰ ਛੱਪ ਰਹੀਆਂ ਹਨ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਹ ਕਿਤਾਬਾਂ ਜਿੰਨੀ ਦੇਰ ਤੱਕ ਬੰਦ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਉਹਨਾਂ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।
ਪਹਿਲਾਂ ਵੀ ਕਈ ਵਾਰ ਚੁੱਕਿਆ ਮਸਲਾ: ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਆਪਣੇ ਆਪ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਦੱਸਦੀ ਹੈ, ਉਸ ਵੱਲੋਂ ਵੀ ਬਹੁਤ ਸਾਰੀਆਂ ਕਿਤਾਬਾਂ ਛਾਪੀਆਂ ਗਈਆਂ ਹਨ, ਜਿਸ ਵਿੱਚ ਗੁਰੂ ਸਾਹਿਬਾਨ ਦੇ ਉੱਪਰ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ, ਜੋ ਕਿ ਹਰ ਬਰਦਾਸ਼ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਾਡੇ ਵੱਲੋਂ ਕਈ ਵਾਰ ਇਸ ਕੇਸ ਨੂੰ ਲੈ ਕੇ ਆਪਣੀ ਆਵਾਜ਼ ਚੁੱਕੀ ਗਈ ਅਤੇ ਸਿੱਖ ਜੁਡੀਸ਼ਅਲ ਕੋਰਟ ਵੱਲੋਂ ਵੀ ਜੋ ਫੈਸਲਾ ਸੁਣਾਇਆ ਗਿਆ, ਉਹ ਬਾਦਲ ਪਰਿਵਾਰ ਦੇ ਹੱਥ ਠੋਕਾ ਬਣ ਕੇ ਸੁਣਾਇਆ ਗਿਆ। ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇੱਥੇ ਲੋਕ ਇਕੱਠੇ ਹੋ ਰਹੇ ਹਨ ਅਤੇ ਲਗਾਤਾਰ ਹੀ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।
ਸਿੱਖ ਜੁਡੀਸ਼ਅਲ ਕੋਰਟ ਵਲੋਂ ਨਹੀਂ ਕੋਈ ਫੈਸਲਾ: ਕਾਬਿਲੇਗੌਰ ਹੈ ਕਿ ਬਲਦੇਵ ਸਿੰਘ ਸਿਰਸਾ ਵੱਲੋਂ ਬਹੁਤ ਵਾਰ ਸਿੱਖ ਜੁਡੀਸ਼ਅਲ ਕੋਰਟ ਦੇ ਵਿੱਚ ਇੰਨ੍ਹਾਂ ਕਿਤਾਬਾਂ ਨੂੰ ਲੈ ਕੇ ਕੇਸ ਵੀ ਲਗਾਏ ਜਾ ਚੁੱਕੇ ਹਨ, ਪਰ ਇੰਨ੍ਹਾਂ ਕੇਸਾਂ ਦੀ ਸੁਣਵਾਈ ਦੇ ਦੌਰਾਨ ਕੋਈ ਵੀ ਫੈਸਲਾ ਸਾਹਮਣੇ ਨਹੀਂ ਆਇਆ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਲਦੇਵ ਸਿੰਘ ਸਿਰਸਾ ਵੱਲੋਂ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਪੰਜਾਬ ਵਿੱਚੋਂ ਬਹੁਤਾਤ ਲੋਕ ਇਸ ਧਰਨੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਹਨ। ਉਹਨਾਂ ਦੀ ਮੰਗ ਹੈ ਕਿ ਜਿੰਨੀ ਦੇਰ ਤੱਕ ਇਹ ਕਿਤਾਬਾਂ ਦੇ ਵਿੱਚੋਂ ਗੁਰੂ ਸਾਹਿਬਾਨ ਦੇ ਉੱਪਰ ਲਿਖੀ ਗਈ ਭਾਸ਼ਾ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਅਤੇ ਉਹ ਕਿਤਾਬਾਂ ਵਾਪਸ ਨਹੀਂ ਲਈਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ। ਜਦਕਿ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ।