ਅੰਮ੍ਰਿਤਸਰ : ਸੂਬੇ 'ਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਅਤੇ ਗੁੰਡਾਗਰਦੀ ਨਿਤ ਦਿਨ ਕਿਸੇ ਨਾ ਕਿਸੇ ਦਾ ਖੂਨ ਵਹਾਉਂਦੀਆਂ ਹਨ। ਅਜਿਹਾ ਹੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ, ਜਿੱਥੇ ਇੱਕ ਹੋਟਲ ਦੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਚੱਲਣ ਦੇ ਨਾਲ ਹੋਟਲ 'ਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੇ ਹੱਥ ਦੇ ਉੱਪਰ ਲੱਗੀ ਹੈ। ਜਿਸ ਨੂੰ ਕਿ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿੱਚ ਜਖਮੀ ਹੋਏ ਨੌਜਵਾਨ ਨੇ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹੋਟਲ ਵਿੱਚ ਦੋ ਕਮਰੇ ਬੁੱਕ ਕੀਤੇ ਹੋਏ ਸਨ ਅਤੇ ਉਹਨਾਂ ਕਮਰਿਆਂ ਦੇ ਵਿੱਚ 3 ਨੌਜਵਾਨ ਕਿਸੇ ਵਿਅਕਤੀ ਨੂੰ ਮਿਲਣ ਵਾਸਤੇ ਪਹੁੰਚੇ ਸਨ। ਜਿਸ ਤੋਂ ਬਾਅਦ ਕਮਰੇ ਦੇ ਵਿੱਚ ਰੋਲਾ ਪੈਣਾ ਸ਼ੁਰੂ ਹੋ ਗਿਆ ਤੇ ਤਿੰਨ ਵਿਅਕਤੀ ਉਥੋਂ ਪੈਸੇ ਲੈ ਕੇ ਭੱਜਣ ਲੱਗੇ ਜਿਨਾਂ ਨੂੰ ਕਿ ਰੋਕਣ ਦੇ ਲਈ ਹੋਟਲ ਦੇ ਮੈਨੇਜਰ ਤੇ ਕਰਮਚਾਰੀ ਅੱਗੇ ਹੋਏ ਅਤੇ ਉਕਤ ਤਿੰਨ ਵਿਅਕਤੀਆਂ ਵੱਲੋਂ ਉਹਨਾਂ ਤੇ ਗੋਲੀ ਚਲਾ ਦਿੱਤੀ ਗਈ। ਜਿਸ ਨਾਲ ਕਿ ਹੋਟਲ ਦਾ ਕਰਮਚਾਰੀ ਮਨਰੂਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਇੱਕ ਹੋਟਲ ਵਿੱਚ ਸ਼ਰੇਆਮ ਚੱਲੀਆਂ ਗੋਲੀਆਂ, ਮੈਨੇਜਰ ਸਣੇ 3 ਗੰਭੀਰ ਜ਼ਖਮੀ
Shots fired in Amritsar: ਅੰਮ੍ਰਿਤਸਰ ਵਿਖੇ ਲੰਘੀ ਰਾਤ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਮੈਨੇਜਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Published : Dec 27, 2023, 4:41 PM IST
ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਹੋਈ ਲੜਾਈ :ਜਾਣਕਾਰੀ ਮੁਤਾਬਕ ਫਰੀਦਕੋਟ ਦਾ ਰਹਿਣ ਵਾਲਾ ਰਣਦੀਪ ਕੁਮਾਰ ਤੇ ਉੱਤਰਾਖੰਡ ਦਾ ਰੋਹਿਤ ਸਿੰਘ ਦੋ ਦਿਨਾਂ ਤੋਂ ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਸਥਿਤ ਜੇਕੇ ਹੋਟਲ 'ਚ ਠਹਿਰੇ ਹੋਏ ਸਨ। ਦੋਵੇਂ ਮੋਹਾਲੀ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਨੇ ਦੁਬਈ ਦੇ ਰਹਿਣ ਵਾਲੇ ਜਤਿੰਦਰ ਸਿੰਘ ਨਾਲ ਮਿਲ ਕੇ ਉਤਰਾਖੰਡ ਦੇ ਹੀ ਇੱਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਲਈ 25 ਲੱਖ ਰੁਪਏ ਵਿੱਚ ਗੱਲ਼ ਕੀਤੀ ਸੀ। ਆਸਟ੍ਰੇਲੀਆ ਜਾਣ ਵਾਲੇ ਨੌਜਵਾਨਾਂ ਨੂੰ ਦਿੱਲੀ ਭੇਜਿਆ ਗਿਆ। ਉਸ ਤੋਂ ਬਾਅਦ ਜਤਿੰਦਰ ਸਿੰਘ ਵੱਲੋਂ ਟਿਕਟ ਤੇ ਵੀਜ਼ਾ ਦੇਣ ਤੋਂ ਪਹਿਲਾਂ ਪੈਸੇ ਦੀ ਮੰਗ ਕੀਤੀ ਗਈ। ਇਹੀ ਪੈਸੇ ਦੇਣ ਲਈ ਰਣਦੀਪ ਕੁਮਾਰ ਤੇ ਰੋਹਿਤ ਸਿੰਘ ਨੇ 16 ਤੋਂ 17 ਲੱਖ ਰੁਪਏ ਕੱਢੇ। ਇਸ ਨੂੰ ਲੈਣ ਲਈ ਜਤਿੰਦਰ ਸਿੰਘ ਨੇ ਆਪਣੇ ਭਰਾ ਰਵਿੰਦਰ ਸਿੰਘ ਉਰਫ਼ ਰਿੱਕੀ ਨੂੰ ਹੋਟਲ ਭੇਜਿਆ ਸੀ।
ਰਵਿੰਦਰ ਸਿੰਘ ਆਪਣੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਲੈ ਕੇ ਆਇਆ ਸੀ। ਪਹਿਲਾਂ ਉਸ ਨੇ ਹੋਟਲ ਦੇ ਕਮਰੇ ਵਿੱਚ ਪੈਸੇ ਗਿਣੇ। ਫਿਰ ਰਣਦੀਪ ਤੇ ਰੋਹਿਤ ਨੂੰ ਬਾਹਰੋਂ ਦਰਵਾਜ਼ਾ ਬੰਦ ਕਰਕੇ ਪੈਸੇ ਲੈ ਭੱਜਣ ਲੱਗੇ। ਉਨ੍ਹਾਂ ਕਮਰੇ ਵਿੱਚੋਂ ਹੀ ਰੌਲਾ ਪਾਇਆ, ਜਿਸ ਨੂੰ ਸੁਣ ਕੇ ਹੋਟਲ ਦੇ ਮੈਨੇਜਰ ਮਨਰੂਪ ਸਿੰਘ ਤੇ ਤਿੰਨ ਹੋਰ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀ ਮਨਰੂਪ ਸਿੰਘ ਦੇ ਹੱਥ ਵਿੱਚ ਲੱਗ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।ਫਿਲਹਾਲ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮੁਢਲੀ ਤਫਤੀਸ਼ ਕਰਦਿਆਂ ਲੜਕੇ ਦਾ ਬਿਆਨ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।