ਅੰਮ੍ਰਿਤਸਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਖਾਲਿਸਤਾਨ ਸਮਰਥਕ ਹਰਦੀਪ ਨਿੱਝਰ ਦੇ ਕਤਲ ਪਿਛੇ ਭਾਰਤੀ ਏਜੰਸੀਆਂ ਦੇ ਹੋਣ ਦਾ ਦਾਅਵਾ ਕੀਤਾ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ 'ਚ ਤਕਰਾਰ ਦੀ ਸਥਿਤੀ ਪੈਦਾ ਹੋ ਗਈ। ਇਸ ਵਿਚਾਲੇ ਹੁਣ ਪੰਜਾਬ 'ਚ ਵੀ ਕੈਨੇਡਾ ਖਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਜਿਸ ਦੇ ਚੱਲਦੇ ਸ਼ਿਵ ਸੈਨਾ ਟਕਸਾਲੀ ਵਲੋਂ ਕੈਨੇਡਾ ਦਾ ਝੰਡਾ ਫੂਕ ਕੇ ਆਪਣਾ ਪ੍ਰਦਰਸ਼ਨ ਕੀਤਾ ਗਿਆ। ਜਿਸ 'ਚ ਸ਼ਿਵ ਸੈਨਾ ਟਕਸਾਲੀ ਆਗੂ ਬ੍ਰਿਜ ਮੋਹਨ ਸੂਰੀ ਵਲੋਂ ਕੈਨੇਡਾ ਸਰਕਾਰ ਦਾ ਝੰਡਾ ਫੂਕਿਆ ਗਿਆ ਅਤੇ ਕੈਨੇਡੀਆਨ ਪ੍ਰਧਾਨ ਮੰਤਰੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। (Shiv Sena protest against Canada PM)
ਖਾਲਿਸਤਾਨ ਸਮਰਥਕਾਂ ਨੂੰ ਕੈਨੇਡਾ ਦਿੰਦਾ ਸ਼ਰਨ:ਇਸ ਮੌਕੇ ਸ਼ਿਵ ਸੈਨਾ ਟਕਸਾਲੀ ਦੇ ਆਗੂ ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਕੈਨੇਡਾ ਸਰਕਾਰ ਹੁਣ ਪਾਕਿਸਤਾਨ ਦੀ ਰਾਹ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਨੇਡਾ ਸਰਕਾਰ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਕਿਸ ਆਧਾਰ 'ਤੇ ਉਨ੍ਹਾਂ ਭਾਰਤ ਸਰਕਾਰ 'ਤੇ ਅਜਿਹਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਨੇਡਾ ਵਲੋਂ ਖਾਲਿਸਤਾਨ ਸਮਰਥਕਾਂ ਨੂੰ ਸ਼ੈਅ ਦਿੱਤੀ ਜਾਂਦੀ ਹੈ ਅਤੇ ਜੋ ਲੋਕ ਭਾਰਤ 'ਚ ਕੋਈ ਵੱਡਾ ਜ਼ੁਰਮ ਕਰਕੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੈਨੇਡਾ 'ਚ ਹੀ ਪਨਾਹ ਦਿੱਤੀ ਜਾਂਦੀ ਹੈ।