ਅੰਮ੍ਰਿਤਸਰ:ਅੰਮ੍ਰਿਤਸਰ ਦੇ ਸਾਊਥ ਹਲਕੇ ਦੇ ਇੰਚਾਰਜ ਅਤੇ ਸੀਨੀਅਰ ਅਕਾਲੀ ਆਗੂ ਤਲਬੀਰ ਗਿੱਲ ਵੱਲੋਂ ਅੱਜ ਇਕ ਪ੍ਰੈੱਸ ਵਾਰਤਾ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਕੀਤੀ ਗਈ। ਇਸ ਮੌਕੇ ਤਲਬੀਰ ਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਇਮਾਨਦਾਰੀ ਦੇ ਸੋਹਲੇ ਗਾਉਂਦੀ ਨਹੀਂ ਥੱਕਦੀ ਹੈ, ਪਰ ਇਸ ਦੇ ਉਲਟ ਦੋ ਕੇਸਾਂ ਦਾ ਜ਼ਿਕਰ ਕਰਦੇ ਹੋਏ ਤਲਬੀਰ ਗਿੱਲ ਨੇ ਕਿਹਾ ਕਿ ਇਕ ਪਰਚਾ 295 ਏ ਧਾਰਮਿਕ ਭਾਵਨਾਵਾਂ ਜਿਸ ਵਿਚ ਕਿ ਆਮ ਆਦਮੀ ਪਾਰਟੀ ਵਰਕਰ ਸ਼ਾਮਲ ਹਨ, ਉਹ ਦਸੰਬਰ 2021 ਤੋਂ ਚੱਲ ਰਿਹਾ ਹੈ। ਇਸ ਵਿੱਚ ਕੋਈ ਕਾਰਵਾਈ (Akali Dal Leader target Punjab Govt) ਨਹੀਂ ਕੀਤੀ ਗਈ ਹੈ।
ਉਨ੍ਹਾਂ ਨੇ ਡਾ. ਇੰਦਰਬੀਰ ਸਿੰਘ ਨਿੱਝਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਝਰ ਜਿੱਥੇ ਹਲਕੇ ਦੇ ਐਮਐਲਏ ਹਨ ਅਤੇ ਕੈਬਨਿਟ ਮੰਤਰੀ ਹਨ। ਇਸ ਦੇ ਨਾਲ ਹੀ, ਉਹ ਸਿੱਖਾਂ ਦੀ ਸਿਰਮੌਰ ਸਿੱਖਿਅਕ ਸੰਸਥਾ C.K.D ਦੇ ਪ੍ਰਧਾਨ ਵੀ ਹਨ ਅਤੇ ਉਨ੍ਹਾਂ ਦਾ ਇਹ ਫ਼ਰਜ਼ ਬਣਦਾ ਹੈ ਕਿ 295 ਧਾਰਾ ਦੇ ਤਹਿਤ ਉਨ੍ਹਾਂ ਦੇ ਵਰਕਰਾਂ ਵੱਲੋਂ ਜੋ ਵਧੀਕੀ ਕੀਤੀ ਗਈ ਹੈ, ਉਸ ਉੱਤੇ ਐਕਸ਼ਨ ਲਿਆ ਜਾਵੇ।
ਦੂਜੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਜਿਸ ਵਿਚ ਗੁਰਪ੍ਰੀਤ ਸਿੰਘ ਹੈਪੀ ਨਾਮਕ ਵਿਅਕਤੀ ਜੋ ਕਿ ਖਿਡਾਰੀ ਹੈ। ਉਸ ਨੂੰ ਮੂੰਹ 'ਤੇ ਦਾਤਰ ਅਤੇ ਇੱਟਾਂ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਅੱਠ ਬੰਦਿਆਂ ਦੇ ਖ਼ਿਲਾਫ਼ ਪਰਚਾ ਕੀਤਾ ਗਿਆ ਸੀ, ਪਰ ਅੱਜ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਉਸ ਕੇਸ ਵਿੱਚ ਨਾਂਹ ਦੇ ਬਰਾਬਰ ਕਾਰਵਾਈ ਕੀਤੀ ਗਈ ਹੈ।