ਅੰਮ੍ਰਿਤਸਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਸੇਵਾ ਸਿੰਘ ਸੇਖਵਾਂ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਗੁੰਮ ਹੋਏ ਸਰੂਪ ਮਾਮਲੇ ਵਿੱਚ ਜਿਹੜੇ ਮੈਂਬਰਾਂ ਨੇ ਰਿਪੋਰਟ ਦਿੱਤੀ ਹੈ, ਉਨ੍ਹਾਂ ਨੇ ਖੁਦ ਕਿਹਾ ਕਿ ਉਨ੍ਹਾਂ ਕੋਲ ਸਮਾਂ ਘੱਟ ਸੀ,ਇਸ ਲਈ ਰਿਪੋਰਟ ਪੂਰੀ ਨਹੀਂ ਸਕੇ। ਉਨ੍ਹਾਂ ਕਿਹਾ ਰਿਪੋਰਟ ਪੜ੍ਹਨ ਤੋਂ ਬਾਅਦ ਮਹਿਸੂਸ ਹੋਇਆ ਕਿ ਰਿਪੋਰਟ ਅਧੂਰੀ ਹੈ।
ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਜਥੇਦਾਰ ਹਰਪ੍ਰੀਤ ਸਿੰਘ ਦੀ ਜੋ ਮੀਟਿੰਗ ਹੋਈ ਹੈ। ਉਹ ਠੀਕ ਨਹੀਂ ਕਿਉਂਕਿ ਰਿਪੋਰਟ ਵਿੱਚ ਵਕੀਲ ਸਰਬਜੀਤ ਸਿੰਘ ਵੇਰਕਾ ਦੇ ਬਿਆਨਾਂ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਸਰੂਪਾਂ ਦੇ ਮਾਮਲੇ ਵਿੱਚ ਬਾਦਲ ਪਰਵਾਰ ਦੋਸ਼ੀ ਹੈ। ਇਸ ਲਈ ਜਥੇਦਾਰ ਹਰਪ੍ਰੀਤ ਸਿੰਘ ਦੋਸ਼ੀ ਵਿਅਕਤੀ ਨਾਲ ਮੀਟਿੰਗ ਨਾ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਮੁਤਾਬਕ ਦੋਸ਼ੀਆਂ ਖਿਲਾਫ਼ ਕਾਰਵਾਈ ਜਰੂਰ ਹੋਵੇ।
ਜੇ ਸਰੂਪਾਂ ਦੇ ਮਾਮਲੇ 'ਚ ਕਮੇਟੀ ਨੇ ਕਾਰਵਾਈ ਨਾ ਕਰਵਾਈ ਤਾਂ ਖੁਦ ਮਾਮਲੇ ਦਰਜ ਕਰਵਾਉਣਗੇ:ਸੇਵਾ ਸਿੰਘ ਸੇਖਵਾਂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਕਿ ਸਰੂਪਾਂ ਦੀ ਕੋਈ ਬੇਅਦਬੀ ਨਹੀਂ ਹੋਈ ਪਰ ਰਿਪੋਰਟ ਵਿੱਚ ਲੱਗੀਆਂ ਫੋਟੋਆਂ ਤੋਂ ਸਪੱਸ਼ਟ ਦਿਸ ਰਿਹਾ ਹੈ ਕਿ ਕਿਵੇਂ ਸਰੂਪ ਦੇ ਅੰਗ ਪਾੜੇ ਹੋਏ ਹਨ? ਅਤੇ ਥੱਲੇ ਪਏ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਤਾਂ ਇਹ ਗੱਲ ਨਹੀਂ ਪਤਾ ਲੱਗ ਸਕੀ ਕਿ ਸਰੂਪ ਕਿੱਥੇ ਗਏ ? ਕਿਹੜੇ ਵਿਅਕਤੀ ਨੇ ਸਰੂਪ ਦਿੱਤੇ ਅਤੇ ਕਿਸ ਦੇ ਕਹਿਣ 'ਤੇ ਦਿੱਤੇ ? ਇਸ ਲਈ ਸਰੂਪਾਂ ਬਾਰੇ ਪਤਾ ਲਾਉਣਾ ਚਾਹੀਦਾ ਹੈ।
ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪਹਿਲੀ ਮੀਟਿੰਗ ਵਿੱਚ ਤਾਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਦਾ ਕਿਹਾ ਸੀ ਪਰ ਅਗਲੀ ਅੰਤ੍ਰਿਗ ਕਮੇਟੀ ਵਿੱਚ ਮੁਕਰ ਗਏ। ਇਸ ਲਈ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ 15 ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਖੁਦ ਮਾਮਲੇ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਗੁਰੂ ਦੇ ਦੋਸ਼ੀਆਂ ਨੂੰ ਪੰਥ ਵਿੱਚ ਰਹਿਣ ਦਾ ਕੋਈ ਹੱਕ ਨਹੀਂ,ਕਿਉਂਕਿ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ? ਉਨ੍ਹਾਂ ਕਿਹਾ ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜਿਨ੍ਹਾਂ ਭ੍ਰਿਸਟਾਚਾਰ ਸ਼੍ਰੋਮਣੀ ਕਮੇਟੀ ਵਿੱਚ ਹੈ,ਉਨ੍ਹਾਂ ਕਿਸੇ ਸਰਕਾਰ ਵਿੱਚ ਨਹੀਂ।