ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ (Akali Dal and BSP coalition government) ਬਣਨ ’ਤੇ ਸੂਬੇ ਵਿਚ ਟਰੱਕ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ ਅਤੇ 25 ਕਰੋੜ ਰੁਪਏ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਬਣਾਇਆ ਜਾਵੇਗਾ। ਉਨ੍ਹਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਗੱਠਜੋੜ ਸਰਕਾਰ ਆਟੋ ਰਿਕਸ਼ਾ ਦੀ ਥਾਂ ’ਤੇ ਈ ਰਿਕਸ਼ਾ ਲਿਆਉਣ ਵਾਸਤੇ ਉਦਾਰ ਨੀਤੀ ਲਿਆਵੇਗੀ।
'ਟਰੱਕ ਯੂਨੀਅਨਾਂ ਨੂੰ ਬਹਾਲ ਕੀਤਾ ਜਾਵੇਗਾ'
ਅਕਾਲੀ ਦਲ ਦੇ ਟਰਾਂਸਪੋਰਟ ਵਿੰਗ (Transport Wing) ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਸਰਕਾਰ ਨੇ ਟਰੱਕ ਯੂਨੀਅਨਾਂ ਖਤਮ ਕਰ ਕੇ ਛੋਟੇ ਟਰੱਕ ਅਪਰੇਟਰਾਂ ਤੋਂ ਰੋਜ਼ੀ ਰੋਟੀ ਦਾ ਸਾਧਨ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਟਰੱਕ ਯੂਨੀਅਨਾਂ (Truck Unions) ਬਹਾਲ ਕਰ ਕੇ ਛੋਟੇ ਟਰੱਕ ਅਪਰੇਟਰਾਂ ਦੇ ਰੋਜ਼ਗਾਰ (Employment of truck operators) ਦੇ ਸਾਧਨ ਬਹਾਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਵੀ ਬਣਾਵਾਂਗੇ ਕਿ ਸਿਆਸੀ ਦਖਲ ਸਮੇਤ ਟਰੱਕ ਯੂਨੀਅਨਾਂ ਦੇ ਕੰਮ ਵਿਚ ਕੋਈ ਦਖਲ ਨਾ ਹੋਵੇ ਅਤੇ ਨਿਯਮ ਤੈਅ ਕੀਤੇ ਜਾਣਗੇ ਕਿ ਸਿਰਫ ਯੂਨੀਅਨ ਮੈਂਬਰ ਹੀ ਇਸਦੇ ਪ੍ਰਧਾਨ ਬਣ ਸਕਣਗੇ।
'ਟਰਾਂਸਪੋਰਟਰ ਭਲਾਈ ਬੋਰਡ ਗਠਿਤ ਕਰਨ ਦਾ ਐਲਾਨ'
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਟਰੱਕ ਯੂਨੀਅਨਾਂ, ਵਪਾਰ ਦੇ ਪ੍ਰਤੀਨਿਧਾਂ ਤੇ ਸਰਕਾਰੀ ਪ੍ਰਤੀਨਿਧਾਂ ਨੁੰ ਲੈ ਕੇ ਤਾਲਮੇਲ ਕਮੇਟੀਆਂ ਬਣਾਵਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟਰੱਕ ਅਪਰੇਟਰਾਂ ਅਤੇ ਇੰਡਸਟਰੀ ਦੇ ਹਿੱਤਾਂ ਦੀ ਰਾਖੀ ਹੋ ਸਕੇ। ਉਹਨਾਂ ਨੇ 25 ਕਰੋੜ ਰੁਪਏ ਦੇ ਫੰਡ ਨਾਲ ਟਰਾਂਸਪੋਰਟਰ ਭਲਾਈ ਬੋਰਡ ਗਠਿਤ ਕਰਨ ਦਾ ਵੀ ਐਲਾਨ ਕੀਤਾ।
'ਸਾਲਾਨਾ ਸਟਿੱਕਰ ਜਾਰੀ'
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਟਰੱਕ ਸਨਅਤ ਦੀ ਭਲਾਈ ਵਾਸਤੇ ਹੋਰ ਕਦਮ ਵੀ ਚੁੱਕੇ ਜਾਣਗੇ ਜਿਵੇਂ ਲੋਕਲ ਟਰੱਕ ਯੂਨੀਅਨਾਂ ਨੂੰ ਟੈਂਡਰਾਂ ਵਿਚ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਲਾਨਾ ਸਟਿੱਕਰ ਜਾਰੀ ਕਰ ਕੇ ਟਰੱਕਾਂ ਵਾਲਿਆਂ ਦੀ ਹੁੰਦੀ ਖੱਜਲ ਖੁਆਰੀ ਵੀ ਬੰਦ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਟਰੱਕ ਵਾਲੇ ਨੁੰ ਰਸਤੇ ਵਿਚ ਕਾਗਜ਼ ਚੈਕ ਕਰਨ ਦੇ ਨਾਂ ’ਤੇ ਖਜੱਲ ਖੁਆਰ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਪੋਰਟੇਬਲ ਕੰਢੇ ਸ਼ੁਰੂ ਕੀਤੇ ਜਾਣਗੇ ਤਾਂ ਜੋ ਹਾਈਵੇ 'ਤੇ ਓਵਰਲੋਡਿੰਗ ਖਤਮ ਕੀਤੀ ਜਾ ਸਕੇ ਅਤੇ ਸੈਪਸ਼ਲ ਡਰਾਈਵਰ ਸਕੂਲ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਵਿਚ ਖੋਲ੍ਹੇ ਜਾਣਗੇ। ਜਿਹਨਾਂ ਵਿਚ ਨੌਜਵਾਨਾਂ ਨੂੰ ਭਾਰੀ ਵਾਹਨ ਚਲਾਉਣ ਲਈ ਡਰਾਇਵਿੰਗ ਲਾਇਸੰਸ ਜਾਰੀ ਕੀਤੇ ਜਾਣਗੇ। ਪੋਰਟੇਬਲ ਭਾਰ ਤੋਲਨ ਵਾਲੇ ਕੰਡੇ ਲਿਆ ਕੇ ਹਾਈਵੇ ’ਤੇ ਭਾਰ ਚੈਕ ਕੀਤਾ ਜਾਵੇਗਾ ਤੇ ਓਵਰ ਲੋਡਿੰਗ ਦਾ ਖਾਤਮਾ ਕੀਤਾ ਜਾਵੇਗਾ।