ਅੰਮ੍ਰਿਤਸਰ: ਜ਼ਿਲ੍ਹੇ ਦੇ ਹਾਲ ਗੇਟ ਨਜ਼ਦੀਕ ਰਵਿਦਾਸ ਮੰਦਿਰ ਅੰਬੇਡਕਰ ਭਵਨ ਦੇ ਡਿਵੈਲਪਮੈਂਟ ਦੇ ਕੰਮਾਂ ਤੋਂ ਬਾਅਦ ਉਸ ਦਾ ਉਦਘਾਟਨ ਰਾਜ ਸਬਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ (Samsher Singh Dulo) ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਦੂਲੋ ਦਾ ਦਲਿਤ ਭਾਈਚਾਰੇ ਦੇ ਮੁੱਦੇ ਨੂੰ ਲੈਕੇ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਉਦਘਾਟਨ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਪਚੱਤਰ ਸਾਲਾਂ ਤੋਂ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ (Dalit CM) ਨਹੀਂ ਬਣਿਆ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਹਰ ਵਾਰ ਦਲਿਤਾਂ ਨਾਲ ਧੱਕਾ ਹੁੰਦਾ ਹੈ।
ਦੂਲੋਂ ਨੇ ਕਿਹਾ ਕਿ ਜਦੋਂ ਇੰਦਰਾ ਗਾਂਧੀ (Indira Gandhi) ਦੀ ਸਰਕਾਰ ਸੀ ਤਾਂ ਉਦੋਂ ਬਾਹਰਲੀਆਂ ਕਈ ਸੂਬਿਆਂ ਵਿੱਚ ਦਲਿਤ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਆਪਣੀ ਸੂਬਿਆਂ ਲਈ ਚੰਗੇ ਕੰਮ ਕੀਤੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਪਚੱਤਰ ਸਾਲਾਂ ਤੋਂ ਪੰਜਾਬ ਨੂੰ ਦਲਿਤ ਮੁੱਖ ਮੰਤਰੀ ਦਾ ਚਿਹਰਾ ਨਹੀਂ ਮਿਲਿਆ।
ਉਨ੍ਹਾਂ ਨੇ ਕਿਹਾ ਕਿ ਹਰ ਵਾਰ ਸਕੂਲਾਂ-ਕਾਲਜਾਂ ਦੇ ਵਿੱਚ ਦਲਿਤਾਂ ਦੀਆਂ ਰਾਖਵੀਆਂ ਸੀਟਾਂ ਵੀ ਦਲਿਤ ਨੌਜਵਾਨਾਂ ਨੂੰ ਨਹੀਂ ਮਿਲ ਪਾਉਂਦੀਆਂ ਇਹੀ ਕਾਰਨ ਹੁੰਦਾ ਹੈ ਕਿ ਦਲਿਤ ਨੌਜਵਾਨ ਪੜ੍ਹਾਈ ਨਹੀਂ ਕਰ ਪਾਉਂਦੇ ਅਤੇ ਡਿਪਰੈਸ਼ਨ ‘ਚ ਜਾਣ ਕਾਰਨ ਫਿਰ ਉਹ ਨਸ਼ੇ ਕਰਨ ਲੱਗ ਪੈਂਦੇ ਹਨ ਜਿਸ ਦੀ ਜ਼ਿੰਮੇਵਾਰ ਸਿਰਫ ਸਰਕਾਰੀ ਅਦਾਰੇ ਤੇ ਪੰਜਾਬ ਸਰਕਾਰ ਹੀ ਹੈ।