ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ। ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਾਏ ਗਏ। ਪਾਠਾਂ ਦੇ ਭੋਗ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਰਾਏ ਸਿੰਘ ਜੀ ਵੱਲੋਂ ਕੀਰਤਨ ਕੀਤਾ ਗਿਆ ਅਤੇ ਅਰਦਾਸੀਆ ਭਾਈ ਪ੍ਰੇਮ ਸਿੰਘ ਵੱਲੋਂ ਅਰਦਾਸ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਕਿਹਾ ਕਿ ਸਮੁੱਚੇ ਸਿੱਖ ਪੰਥ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉੱਪਰ ਮਾਣ ਹੈ। ਉਨ੍ਹਾਂ ਨੇ 50 ਸਾਲ ਸਿੱਖ ਰਾਜ ਨੂੰ ਖੜ੍ਹਾ ਕਰਨ 'ਤੇ ਲਾਏ ਅਤੇ ਖਾਲਸਾ ਰਾਜ ਦੇ ਝੰਡੇ ਅਫ਼ਗਾਨਿਸਤਾਨ ਤੋਂ ਲੈ ਕੇ ਤਿੱਬਤ ਤੱਕ ਝੁਲਾਏ।