ਕੁੰਵਰ ਅਮ੍ਰਿਤ ਬੀਰ ਸਿੰਘ ਸਨਮਾਨ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ। ਅੰਮ੍ਰਿਤਸਰ :ਬਾਡੀ ਬਿਲਡਿੰਗ ਵਿੱਚ ਪੰਜ ਵਰਲਡ ਰਿਕਾਰਡ ਬਣਾਉਣ ਵਾਲੇ ਗੁਰਦਾਸਪੁਰ ਦੇ ਨੌਜਵਾਨ ਕੁੰਵਰ ਅੰਮ੍ਰਿਤ ਬੀਰ ਸਿੰਘ ਨੂੰ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਨੌਜਵਾਨ ਨੇ ਦੱਸਿਆ ਕਿ ਬਾਡੀ ਬਿਲਡਿੰਗ ਦਾ ਸ਼ੌਕ ਸ਼ੁਰੂ ਤੋਂ ਹੀ ਸੀ ਅਤੇ 2019 ਤੋਂ ਇਸਦੀ ਤਿਆਰੀ ਕਰਦਿਆਂ ਹੁਣ ਤੱਕ ਪੰਜ ਵਰਲਡ ਰਿਕਾਰਡ ਕਾਇਮ ਕੀਤੇ ਹਨ।
ਇਹ ਰਿਕਾਰਡ ਵੀ ਕੀਤਾ ਆਪਣੇ ਨਾਂ :ਉਸਨੇ ਦੱਸਿਆ ਕਿ ਮਿਹਨਤ ਕਰਦਿਆਂ ਕਈ ਹੋਰ ਵਰਲਡ ਰਿਕਾਰਡ ਬਣਾਉਣ ਦਾ ਹੌਸਲਾ ਵੀ ਹੈ। ਇਕ ਮਿੰਟ ਵਿਚ ਇੱਕ ਉਂਗਲ ਉੱਤੇ 88 ਦੰਡ ਮਾਰਨ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ ਹੋਇਆ ਹੈ। ਉਸਨੇ ਦੱਸਿਆ ਕਿ ਰੋਜ਼ਾਨਾਂ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਇਸਦੀ ਤਿਆਰੀ ਲਈ ਕੱਢਿਆ ਜਾਂਦਾ ਹੈ।
ਦੂਜੇ ਪਾਸੇ ਹੁਸ਼ਿਆਰਪੁਰ ਵਿੱਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਹੈ। ਇਹ ਐੱਨਪੀਸੀ ਵਲੋਂ ਪੰਜਾਬ ਚੈਂਪੀਅਨਸ਼ਿਪ ਸੀਰੀਜ਼-2 ਤਹਿਤ ਕਰਵਾਈ ਗਈ ਅਤੇ ਇਸ ਵਿੱਚ 100 ਦੇ ਕਰੀਬ ਬਾਡੀ ਬਿਲਡਿਰਾਂ ਨੇ ਭਾਗ ਲਿਆ ਤੇ ਆਪਣੀ ਬਾਡੀ ਦਾ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਕਾਂਗਰਸੀ ਵਿਧਾਇਕ ਤੇ ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ।
ਬਾਡੀ ਬਿਲਡਰਾਂ ਲਈ ਬਣੇ ਪਾਲਿਸੀ :ਇਸ ਸਬੰਧੀ ਗੱਲਬਾਤ ਦੌਰਾਨ ਡਾ. ਰਾਜ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਹੋਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਜੋ ਇਹ ਉਪਰਾਲਾ ਹੁਸ਼ਿਆਰਪੁਰ ਦੇ ਨੌਜਵਾਨ ਫਨਿੰਦਰ ਭੱਟੀ ਵਲੋਂ ਕੀਤਾ ਗਿਆ ਹੈ, ਉਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਲਈ ਵੀ ਕੋਈ ਪਾਲਿਸੀ ਜ਼ਰੂਰ ਬਣਾਉਣੀ ਚਾਹੀਦੀ ਹੈ ਤਾਂ ਜੋ ਇਹ ਨੌਜਵਾਨ ਆਪਣੇ ਕੰਮ ਨੂੰ ਹੋਰ ਵੀ ਮਿਹਨਤ ਅਤੇ ਲਗਨ ਨਾਲ ਕਰ ਸਕਣ।