ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪਰਫਿਊਮ ਸਪਰੇਅ ਕਰਨ ਲਈ ਰੋਕ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਵਲੋਂ ਸ਼ਰਧਾ ਤੇ ਸਤਿਕਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਕੀਤੇ ਜਾਣ ਵਾਲੇ ਪਰਫਿਊਮ ਸਪਰੇਅ ਉੱਤੇ ਰੋਕ ਲਗਾਈ ਗਈ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੰਗਤਾਂ ਵੱਲੋਂ ਸੁਝਾਅ ਅਤੇ ਮੈਂਬਰ ਸਾਹਿਬਾਨ ਵੱਲੋਂ ਸੁਝਾਅ ਦਿੱਤਾ ਗਿਆ ਕਿ ਜਿਹੜਾ ਪਾਲਕੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਉੱਤੇ ਪਰਫਿਊਮ ਵਰਤਿਆ ਜਾਂਦਾ ਹੈ, ਉਸ ਉੱਤੇ ਰੋਕ ਲਗਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ, ਜਦੋਂ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਲਿਖਾਵਟ ਹੈ, ਉਹ ਵੀ ਖਰਾਬ ਹੁੰਦੀ ਹੈ ਅਤੇ ਉਸ ਦੀ ਬੇਅਦਬੀ ਹੁੰਦੀ ਹੈ। ਇਸ ਲਈ ਇਸ ਉੱਤੇ ਪਾਬੰਦੀ ਲਗਾਈ ਗਈ ਹੈ।
ਕੁਦਰਤੀ ਇਤਰ ਦੀ ਵਰਤੋਂ ਹੋਵੇਗੀ: ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਇਸ ਦੀ ਜਗ੍ਹਾ ਉੱਤੇ ਕੁਦਰਤੀ ਇਤਰ ਜਿਸ ਤਰ੍ਹਾਂ ਗੁਲਾਬ ਦਾ ਇਤਰ ਜਾਂ ਫੁੱਲਾਂ ਦੇ ਇਤਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਨਾ ਤਾਂ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਵਟ ਖ਼ਰਾਬ ਹੋਵੇਗੀ ਨਾ ਹੀ ਉਸ ਦੀ ਬੇਅਦਬੀ ਹੋਵੇਗੀ। ਇਸ ਦੇ ਚਲਦੇ ਸਾਰੇ ਗੁਰਦੁਆਰਾ ਸਾਹਿਬਾਨਾਂ ਨੂੰ ਇਸੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਮੌਕੇ ਸੰਗਤਾਂ ਵੱਲੋਂ ਉਸ ਸਮੇਂ ਦੇ ਪਾਲਕੀ ਸਾਹਿਬ ਦੇ ਸਮੇਂ ਤੇ ਕਿੰਨੀ ਪਰਫਿਊਮ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਚੱਲਦੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਕੀਤੀ ਜਾਵੇ ਤੇ ਪਰਫਿਊਮ ਦੀ ਜਗ੍ਹਾ ਉੱਤੇ ਇਤਰ ਦੀ ਵਰਤੋਂ ਕੀਤੀ ਜਾਵੇ।
ਕਿਉ ਲੱਗੀ ਪਾਬੰਦੀ: ਹੁਣ ਸ਼ਰਧਾਲੂ ਸ੍ਰੀ ਅਕਾਲ ਤਖ਼ਤ ਸਾਹਿਬ ਸਥਿਤ ਸੁੱਖ ਆਸਨ ਤੋਂ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਆਗਮਨ ਵੇਲੇ ਅਤੇ ਰਾਤੀਂ ਸੁੱਖ ਆਸਨ ਤੱਕ ਲਿਜਾਣ ਵੇਲੇ ਇਸ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ’ਚ ਪਾਲਕੀ ਸਾਹਿਬ ਦੇ ਆਗਮਨ ’ਤੇ ਸ਼ਰਧਾਲੂਆਂ ਦੀ ਮੌਜੂਦਗੀ ’ਚ ਪਰਫਿਊਮ ਛਿੜਕਦੇ ਸਨ। ਅਸਲ ’ਚ ਪਰਫਿਊਮ ’ਚ ਹਾਨੀਕਾਰਕ ਕੈਮੀਕਲ ਤੇ ਅਲਕੋਹਲ ਦਾ ਮਿਸ਼ਰਣ ਹੁੰਦਾ ਹੈ। ਸਿੱਖ ਰਹਿਤ ਮਰਿਆਦਾ ਤਹਿਤ ਅਲਕੋਹਲ ਸਮੇਤ ਹਰ ਤਰ੍ਹਾਂ ਦੇ ਨਸ਼ੇ ’ਤੇ ਪੂਰੀ ਤਰ੍ਹਾਂ ਰੋਕ ਹੈ। ਹਰੇਕ ਅੰਮ੍ਰਿਤਧਾਰੀ ਲਈ ਇਸ ਦੀ ਵਰਤੋਂ ’ਤੇ ਪੂਰਨ ਪਾਬੰਦੀ ਹੈ।