ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਤੀਜੀ ਵਾਰ ਪ੍ਰਧਾਨ ਚੁਣੇ ਜਾਣ 'ਤੇ ਅਕਾਲੀ ਦਲ ਨੇ ਐਸਜੀਪੀਸੀ ਨੂੰ ਦਿੱਤੀ ਵਧਾਈ ਅੰਮ੍ਰਿਤਸਰ:ਅੱਜ ਬੱਧਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਿੰਗ ਹੋਈ। ਇਸ ਦੌਰਾਨ, ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੇ ਉਲਟ ਢੀਂਡਸਾ ਧੜੇ ਵਲੋਂ ਸੰਤ ਬਲਬੀਰ ਸਿੰਘ ਘੁੰਨਸ ਉਮੀਦਵਾਰ ਵਜੋਂ ਖੜੇ ਸਨ।
ਹੋਰ ਅਹੁਦੇਦਾਰਾਂ ਦੀ ਚੋਣ:ਜਿੱਥੇ ਐਸਜੀਪੀਸੀ ਦੇ ਪ੍ਰਧਾਨ ਦਾ ਐਲਾਨ ਹੋਇਆ, ਉੱਥੇ ਹੀ ਹੋਰ ਅਹੁਦੇਦਾਰਾਂ ਦੀ ਵੀ ਚੋਣ ਹੋਈ। ਰਜਿੰਦਰ ਸਿੰਘ ਮਹਿਤਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਹਰਭਜਨ ਸਿੰਘ ਮਸਾਣਾ ਅਤੇ ਗੁਰਬਖ਼ਸ਼ ਸਿੰਘ ਖਾਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਕੁੱਲ 136 ਵੋਟਾਂ ਪਈਆਂ :ਸ਼੍ਰੋਮਣੀ ਕਮੇਟੀ ਕੋਲ ਕੁੱਲ 185 ਮੈਂਬਰ ਸਨ, ਜਿੰਨ੍ਹਾਂ 'ਚ 30 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਅਕਾਲ ਚਲਾਣਾ ਹੋ ਚੁੱਕਾ ਹੈ, ਜਦਕਿ ਚਾਰ ਮੈਂਬਰਾਂ ਵਲੋਂ ਅਸਤੀਫ਼ਾ ਦੇਣ ਦੀ ਗੱਲ ਸਾਹਮਣੇ ਆਈ ਹੈ। 141 ਮੈਂਬਰਾਂ ਚੋਂ ਕੁੱਲ 136 ਵੋਟਾਂ ਪਈਆਂ, ਜਿਸ ਚੋਂ 118 ਵੋਟਾਂ ਹਰਜਿੰਦਰ ਸਿੰਘ ਧਾਮੀ ਨੂੰ ਅਤੇ 17 ਵੋਟਾਂ ਸੰਤ ਬਲਬੀਰ ਸਿੰਘ ਘੁੰਨਸ ਨੂੰ ਪਈਆਂ।
ਅਕਾਲੀ ਦਲ ਨੇ ਦਿੱਤੀ ਵਧਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਤੀਜੀ ਵਾਰ ਹਰਜਿੰਦਰ ਸਿੰਘ ਧਾਮੀ ਬਣੇ ਜਿਸ ਤੋਂ ਬਾਅਦ ਲਗਾਤਾਰ ਹੀ ਅਕਾਲੀ ਦਲ ਦੇ ਮੈਂਬਰਾਂ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਜਰਨਲ ਜਲਾਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ ਮਹਿਜ਼ 104 ਵੋਟਾਂ ਪਈਆਂ ਸਨ, ਪਰ, ਇਸ ਵਾਰ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਪਈਆਂ ਹਨ, ਜੋ ਕਿ ਬੇਹਦ ਹੀ ਖੁਸ਼ੀ ਦੀ ਗੱਲ ਹੈ। ਐਸਜੀਪੀਸੀ ਜਰਨਲ ਇਜਲਾਸ ਦੌਰਾਨ ਅਕਾਲੀ ਦਲ ਵਿਰੋਧੀ ਧਿਰ ਦੇ ਚੋਣ ਹਾਰਨ ਦਾ ਕਾਰਨ ਬੀਬੀ ਜਗੀਰ ਕੌਰ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵਿਰੋਧੀ ਧਿਰ ਨੂੰ 40 ਵੋਟਾਂ ਪਈਆਂ ਸੀ, ਜੋ ਹੁਣ 17 ਉੱਤੇ ਰਹਿ ਗਈਆਂ।
ਹਾਰ ਤੋਂ ਬਾਅਦ ਬੋਲੀ ਬੀਬੀ ਜਾਗੀਰ ਕੌਰ, ਕਿਹਾ- ਪ੍ਰਧਾਨ ਆਪਣੀ ਮਰਿਯਾਦਾ ਵਿੱਚ ਰਹਿਣ ਪ੍ਰਧਾਨ ਆਪਣੀ ਮਰਿਯਾਦਾ ਵਿੱਚ ਰਹਿਣ: ਐਸਜੀਪੀਸੀ ਜਨਰਲ ਇਜਲਾਸ ਦੌਰਾਨ ਬੀਬੀ ਜਗੀਰ ਕੌਰ ਦੇ ਧੜੇ ਦੇ ਉਮੀਦਵਾਰ ਬਲਬੀਰ ਸਿੰਘ ਘੁੰਨਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਬੀਬੀ ਜਗੀਰ ਕੌਰ ਜਨਰਲ ਇਜਲਾਸ ਹਾਊਸ ਤੋਂ ਬਾਹਰ ਨਿਕਲੇ, ਤਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਤਾਂ ਕਿਸਮਤ ਦੀ ਗੱਲ ਹੈ, ਇਸ ਵਾਰ ਕਿਸਮਤ ਵਿੱਚ ਜਿੱਤ ਨਹੀਂ ਲਿਖੀ ਸੀ। ਅਗਲੀ ਵਾਰ ਉਹ ਜ਼ਰੂਰ ਦੁਬਾਰਾ ਕੋਸ਼ਿਸ਼ ਕਰਨਗੇ।
ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਮੈਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਪ੍ਰਧਾਨ ਮਰਿਆਦਾ ਦਾ ਧਿਆਨ ਜਰੂਰ ਰੱਖਣ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਾਂ ਅਤੇ ਨਾਲ ਹੀ ਰਹਿਣਗੇ। ਪੱਤਰਕਾਰਾਂ ਵੱਲੋਂ ਬੀਬੀ ਜਗੀਰ ਕੌਰ ਨੂੰ ਬੀਜੇਪੀ ਦਾ ਆਗੂ ਬਾਰੇ ਪੁੱਛਣ ਉੱਤੇ ਬੀਬੀ ਜਗੀਰ ਕੌਰ ਪੱਤਰਕਾਰਾਂ ਦੇ ਉੱਪਰ ਹੀ ਭੜਕਦੇ ਹੋਏ ਦਿਖਾਈ ਦਿੱਤੇ।
ਵਿਰੋਧੀ ਪਾਰਟੀਆਂ ਪੰਥ ਦੇ ਪਿੱਠ ਵਿੱਚ ਛੁਰਾ ਮਾਰ ਰਹੀਆਂ: ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਬੀਤੇ ਦਿਨ ਅੰਮ੍ਰਿਤਸਰ ਪਹੁੰਚੇ, ਜਿਥੇ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੂੰ ਤੀਜੀ ਵਾਰ ਪਾਰਟੀ ਵਲੋਂ ਉਮੀਦਵਾਰ ਐਲਾਨ ਕੀਤਾ ਗਿਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਦ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਬਲਵੀਰ ਸਿੰਘ ਘੁੰਨਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ। ਬਾਦਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਪੰਥ ਦੇ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕਰ ਰਹੀਆਂ ਹਨ, ਇਸ ਤੋਂ ਇਲਾਵਾ ਉਹ ਕੁਝ ਨਹੀਂ ਕਰ ਰਹੀਆਂ।
ਢੀਂਡਸਾ ਧੜੇ ਵਲੋਂ ਘੁੰਨਸ ਉਮੀਦਵਾਰ: ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਪਾਰਟੀਆਂ ਵਲੋਂ ਬਲਵੀਰ ਸਿੰਘ ਘੁੰਨਸ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਇਸ ਸਬੰਧੀ ਐਲਾਨ ਬਰਨਾਲਾ 'ਚ ਬੀਬੀ ਜਾਗੀਰ ਕੌਰ ਅਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੇ ਪਿਛਲੇ ਸਾਲ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਲੜੀ ਸੀ ਤੇ ਸੰਤ ਬਲਬੀਰ ਸਿੰਘ ਘੁੰਨਸ ਵੱਲੋਂ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਗਿਆ ਸੀ। ਇਸ ਵਾਰ ਬੀਬੀ ਜਗੀਰ ਕੌਰ ਨੇ ਸੰਤ ਬਲਵੀਰ ਸਿੰਘ ਘੁੰਨਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਵਾਅਦਾ ਕੀਤਾ।