ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਤਵਾਰ ਨੂੰ ਇੱਕ ਅੰਤਰਿਮ ਕਮੇਟੀ ਦੀ ਬੈਠਕ ਕੀਤੀ ਗਈ। ਇਸ ਬੈਠਕ ਵਿੱਚ 2016 'ਚ ਗੁਰੂ ਰਾਮਸਰ ਗੁਰਦੁਆਰਾ ਵਿਖੇ ਲੱਗੀ ਅੱਗ ਦੀ ਜਾਂਚ ਸਬੰਧੀ ਚਰਚਾ ਕੀਤੀ ਗਈ। ਦੱਸ ਦਈਏ ਕਿ ਗੁਰਦੁਆਰਾ ਸ੍ਰੀ ਰਾਮਸਰ ਦੇ ਪਬਲਿਕੇਸ਼ਨ ਵਿਭਾਗ ਵਿੱਚ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪ ਸੜ ਗਏ ਸਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਬੀਤੇ ਕੁੱਝ ਸਮੇਂ ਤੋਂ ਮੀਡੀਆ ਵਿੱਚ ਇਹ ਮੁੱਦਾ ਭਖਿਆ ਹੋਇਆ ਹੈ ਕਿ ਗੁਰੂ ਰਾਮਸਰ ਗੁਰਦੁਆਰੇ ਵਿਖੇ ਹੋਈ ਬੇਅਦਬੀ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਨ੍ਹਾਂ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।