ਅੰਮ੍ਰਿਤਸਰ: ਪੰਜਾਬ ਵਿੱਚ ਲੱਗੇ ਕਰਫ਼ਿਊ ਕਾਰਨ ਇਥੋਂ ਦੇ ਪ੍ਰਮੁੱਖ ਅਸਥਾਨ ਸੱਚਖੰਡ ਸ੍ਰੀ ਸਚਖੰਡ ਹਰਿਮੰਦਰ ਸਾਹਿਬ ਵਿਖੇ ਸੰਗਤ ਨਾ ਮਾਤਰ ਹੀ ਰਹਿ ਗਈਆਂ ਹਨ। ਇਸ ਕਾਰਨ ਸੰਗਤ ਵੱਲੋਂ ਚੜ੍ਹਾਵਾ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਦਾ ਬਜਟ ਵੀ ਪ੍ਰਭਾਵਿਤ ਹੋਇਆ।
ਇਸ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸੰਗਤਾਂ ਨੂੰ "ਗੁਰੂ ਕੇ ਲੰਗਰ" ਲਈ ਰਸਦ ਭੇਜਣ ਦੀ ਬੇਨਤੀ ਕੀਤੀ ਹੈ। ਇਸ ਤੋਂ ਬਾਅਦ ਸੇਵਾ ਲਈ ਜਾਣੀ ਜਾਂਦੀ ਸੰਗਤ ਵੱਲੋਂ ਆਪਣਾ-ਆਪਣਾ ਦਸਵੰਧ "ਗੁਰੂ ਕੇ ਲੰਗਰਾਂ" ਲਈ ਪਹੁੰਚਾਇਆ ਗਿਆ।
ਸੰਗਤ ਨੇ ਗੁਰੂ ਦੇ ਲੰਗਰ ਵਿੱਚ ਭੇਜੀ ਰਸਦ ਕਰਫ਼ਿਊ ਦੌਰਾਨ 20 ਹਜ਼ਾਰ ਕੁਇੰਟਲ ਤੋਂ ਉੱਪਰ ਕਣਕ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਪਹੁੰਚੀ। ਹੁਣ ਤੱਕ ਵੀ ਸੰਗਤਾਂ ਵੱਲੋਂ ਆਪਣਾ ਦਸਵੰਧ ਭੇਜਿਆ ਜਾ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਰਫ਼ਿਊ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਸਾਲ ਵਿੱਚ ਤਕਰੀਬਨ 3 ਤੋਂ 4 ਕਰੋੜ ਸੰਗਤ ਪ੍ਰਸ਼ਾਦਾ ਛਕਦੀ ਸੀ।
ਜਿੱਥੇ ਪਹਿਲਾਂ ਹਰ ਰੋਜ਼ 60 ਕੁਇੰਟਲ ਆਟੇ ਦੀ ਲਾਗਤ ਹੁੰਦੀ ਸੀ, ਹੁਣ ਸਿਮਟ ਕੇ 5 ਕੁਇੰਟਲ ਹੀ ਰਹਿ ਗਈ ਹੈ। ਕਰਫ਼ਿਊ ਤੋਂ ਪਹਿਲਾਂ 1 ਸਾਲ ਵਿੱਚ 32 ਹਜ਼ਾਰ ਕੁਇੰਟਲ ਆਟਾ, 10 ਹਜ਼ਾਰ ਕੁਇੰਟਲ ਦਾਲਾਂ, 10 ਹਜ਼ਾਰ ਕੁਇੰਟਲ ਸਬਜ਼ੀਆਂ ਅਤੇ 22 ਹਜ਼ਾਰ ਕੁਇੰਟਲ ਚਾਵਲ ਦੀ ਖ਼ਪਤ ਹੁੰਦੀ ਸੀ ਤੇ ਹੁਣ ਇਹ ਖ਼ਪਤ ਨਾ ਮਾਤਰ ਰਹਿ ਗਈ ਹੈ।