ਅੰਮ੍ਰਿਤਸਰ: ਜੀ-20 ਸੰਮੇਲਨ ਦੀਆਂ ਖ਼ਬਰਾਂ ਨੂੰ ਲੈਕੇ ਗੁਰੂ ਨਗਰੀ ਅੰਮ੍ਰਿਤਸਰ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਹੁਣ ਜੀ-20 ਸੰਮੇਲਨ ਤੋਂ ਪਹਿਲਾਂ ਵੱਖਵਾਦੀ ਪੰਜਾਬ ਸੁਤੰਤਰਤਾ ਰਾਇਸ਼ੁਮਾਰੀ ਮੁਹਿੰਮ ਨੂੰ ਤੇਜ਼ ਕਰਦੇ ਹੋਏ, “ਸਿੱਖਸ ਫਾਰ ਜਸਟਿਸ” (SFJ) ਨੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ‘ਤੇ ਖਾਲਿਸਤਾਨ ਦੇ ਝੰਡੇ ਦੀ ਕੱਚੀ ਫੁਟੇਜ ਜਾਰੀ ਕੀਤੀ ਹੈ। ਇਸ ਵਿੱਚ ਗੁਰਪਤਵੰਤ ਪੰਨੂ ਨੇ ਪੰਜਾਬ ਨੂੰ ਦਹਿਲਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪੁਲਿਸ ਨੇ ਖਾਲਿਤਾਨੀ ਝੰਡੇ ਬਰਾਮਦ ਕਰਕੇ ਜ਼ਬਤ ਕੀਤੇ ਹਨ। ਇਸ ਪੂਰੇ ਘਟਨਾ ਕ੍ਰਮ ਵਿੱਚ ਗੁਰਪਤਵੰਤ ਪੰਨੂੰ ਨੇ ਭਾਰਤ ਵਿਰੋਧੀ ਨਾਅਰੇ ਲਗਾਉਂਦਿਆਂ ਲਿਖਿਆ ਕਿ “G20 – ਵੈਲਕਮ ਟੂ ਖਾਲਿਸਤਾਨ”, “ਪੰਜਾਬ ਭਾਰਤ ਨਹੀਂ ਹੈ” ਅਤੇ “SFJ ਰੈਫਰੈਂਡਮ ਜ਼ਿੰਦਾਬਾਦ” ਆਦਿ ਦੇ ਨਾਅਰੇ ਲਿਖੇ ਨੇ।
ਦਹਿਲਾਉਣ ਦੀ ਚਿਤਾਵਨੀ:ਫੁਟੇਜ ਜਾਰੀ ਕਰਦੇ ਹੋਏ, SFJ ਦੇ ਜਨਰਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ "ਖਾਲਿਸਤਾਨ ਸਮਰਥਕ ਸਿੱਖ ਅੰਮ੍ਰਿਤਸਰ ਪਹੁੰਚ ਗਏ ਹਨ ਅਤੇ 15-16 ਮਾਰਚ ਨੂੰ ਅੰਮ੍ਰਿਤਸਰ ਸੈਂਟਰਲ ਰੇਲਵੇ ਸਟੇਸ਼ਨ ਅਤੇ ਵੇਰਕਾ ਜੰਕਸ਼ਨ ਨੂੰ ਖਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਉਜਾਗਰ ਕਰਨ ਲਈ ਨਿਸ਼ਾਨਾ ਬਣਾਇਆ ਜਾਵੇਗਾ"। ਦੱਸ ਦਈਏ ਅੰਮ੍ਰਿਤਸਰ ਨੂੰ ਧਮਕੀਆਂ ਦੇਣ ਪਿੱਛੇ ਗੁਰਪਤਵੰਤ ਪੰਨੂੰ ਦੀ ਸਾਜ਼ਿਸ਼ ਜੀ-20 ਸੰਮੇਲਨ ਨੂੰ ਪ੍ਰਭਾਵਿਤ ਕਰਨ ਦੀ ਹੈ ਤਾਂ ਜੋ ਪੰਜਾਬ ਦਾ ਅਕਸ ਬਦਨਾਮ ਕਰਕੇ ਇਸ ਸੰਮੇਲਨ ਨੂੰ ਰੱਦ ਕਰਵਾਇਆ ਜਾ ਸਕੇ। ਦੂਜੇ ਪਾਸੇ ਇਸ ਸੰਮੇਲਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਅੰਮ੍ਰਿਤਸਰ ਦਾ ਦੌਰਾ ਕਰਦਿਆਂ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਇਸ ਮੌਕੇ ਸੀਐੱਮ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਸੰਮੇਲਨ ਦੌਰਾਨ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਸੀ।