ਅੰਮ੍ਰਿਤਸਰ: 13 ਅਪ੍ਰੈਲ 1978 ਮੌਜੂਦਾ ਸਿੱਖ ਇਤਿਹਾਸ ਦਾ ਉਹ ਸੁਨਿਹਰੀ ਪੰਨਾ ਹੈ। ਜਿਸ ਦਿਨ ਨਕਲੀ ਨਿਸ਼ਕਾਰੀਆਂ ਦੇ ਰੂਪ 'ਚ ਸਿੱਖ ਕੰਮ 'ਤੇ ਹੋ ਰਹੇ ਹਿੰਦੁਸਤਾਨੀ ਹਮਲੇ ਦਾ ਜਵਾਬ ਦੇਣ ਲਈ 13 ਦਸਮੇਸ਼ ਪਿਤਾ ਦੇ ਸਚਿਆਰ ਸੂਰਬੀਰ ਖਾਲਸਿਆਂ ਨੇ ਆਪਣਾ ਆਪਾ ਨਿਛਾਵਰ ਕਰ ਦਿੱਤਾ।
ਇਹ 13 ਸੂਰਬੀਰ ਯੋਧੇ 'ਗੁਰ ਕੀ ਨਿੰਦਾ ਸੁਣੇ ਨਾ ਕਾਨ' ਦੇ ਹੁਕਮ ਅਨੁਸਾਰ ਆਪਣੇ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗਰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਗੁਰਮੁਖ ਪਿਆਰੇ ਭਾਈ ਫੌਜਾ ਸਿੰਘ ਜੀ ਦੀ ਅਗਵਾਈ 'ਚ ਗੁਰੂ ਕੇ ਸਿੰਘਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਆਪਣੀਆਂ ਬਹਾਦਤਾਂ ਨਾਲ ਇਹੋ ਜਿਹੀ ਲੈ ਜਗਾਈ ਜੋ ਕਿ ਅੱਜ ਤੱਕ ਸਾਰਿਆਂ ਲਈ ਚਾਨਣ ਮੁਨਾਰਾ ਹੈ।
ਸਰਬੱਤ ਖਾਲਸਾ ਨੇ ਵਿਸਾਖੀ ਮੌਕੇ 1978 ਦੇ ਸ਼ਹੀਦਾਂ ਨੂੰ ਕੀਤਾ ਯਾਦ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਸ਼ਹੀਦੀ ਪਾਉਣ ਵਾਲੇ ਇਨਾਂ ਗੁਰਸਿੱਖਾਂ ਨੇ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਜੀਵਨ ਢਾਲਿਆ ਹੋਇਆ ਸੀ। ਉਹਨਾਂ ਦੇ ਹਿਰਦੇ 'ਚ ਅਤੇ ਰਸਨਾ 'ਤੇ ਵਾਹਿਗੁਰੂ ਨਾਮ ਵਸਦਾ ਸੀ।
ਸਿੱਖ ਇਤਿਹਾਸ ਤੋਂ ਸੇਧ ਲੈ ਕੇ ਇਨ੍ਹਾਂ ਸੂਰਿਆ ਨੇ ਦ੍ਰਿੜ ਕੀਤਾ ਹੋਇਆ ਸੀ ਕਿ ਵੱਡੀ ਤੋਂ ਵੱਡੀ ਬਿਪਤਾ ਵੇਲੇ ਵੀ ਨਾਮ ਸਿਮਰਨ 'ਤੇ ਸਿੱਖੀ ਦੇ ਆਦਰਸ਼ਾਂ ਅਤੇ ਅਸੂਲਾਂ ਨੂੰ ਨਹੀਂ ਤਿਆਗਣਾ ਚਾਹੀਦਾ। ਨਾਮ-ਰੰਗ-ਰੱਤੜੇ ਗੁਰਮੁਖ ਜਨ ਅਤੇ ਪਰਉਪਕਾਰੀ ਬੀਰ ਰਸੀਏ ਗੁਰਸਿੱਖ, ਗੁਰੂ ਨਿੰਦਕਾਂ ਵੱਲੋਂ ਸਰਕਾਰੀ ਸ਼ਹਿ ਤੇ ਸਿੱਖਾਂ ਲਈ ਪਿਆਰੇ ਗੁਰੂ ਸਾਹਿਬਾਨ ਦੀ ਨਿੰਦਿਆ ਤੋਂ ਨਿਰਾਦਰੀ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਸਨ।
ਉਸ ਸਮੇਂ ਉਨ੍ਹਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਹਨਾਂ ਦੇ ਸਰੀਰ ਵਿੱਚ ਖੂਨ ਨੁੱਚੜ ਗਿਆ ਹੋਵੇ ਉਹਨਾਂ ਦਾ ਸਾਹ ਖਿਚਿਆ ਗਿਆ ਹੋਵੇ ਫਿਰ ਸੀਸ ਤਲੀ ਤੇ ਰੱਖ ਕੇ ਧਰਮ ਦੀ ਰਾਖੀ ਲਈ ਜੂਝਣਾ ਗੁਰਮਤਿ ਨਾਮੁ ਅਭਿਆਸ ਕਮਾਈ ਵਾਲੇ ਗੁਰਮੁਖ ਜਨਾਂ ਦਾ ਕਰਤੱਵ ਸੀ। ਜੋ ਉਹਨਾਂ ਆਪਣਾ ਆਪਾ ਨਿਛਾਵਰ ਕਰ ਕੇ ਨਿਭਾਇਆ।
ਗੁਰਸਿੱਖਾਂ ਦੀਆਂ ਸ਼ਹੀਦੀਆਂ ਨੇ ਸੰਸਾਰ ਭਰ ਦੇ ਖਾਲਸਾ ਪੰਥ ਵਿੱਚ ਇੱਕਮੁੱਠ ਤੇ ਜਥੇਬੰਦ ਹੋਣ ਅਤੇ ਖਾਲਸਾ ਭਾਈਚਾਰੇ ਦੇ ਸਬੰਧ ਪੱਕੇ ਕਰਨ ਲਈ ਉਤਸ਼ਾਹ ਫੂਕ ਦਿੱਤਾ। 13 ਅਪ੍ਰੈਲ 1978 ਨੂੰ 13 ਸਿੰਘਾਂ ਦੀਆਂ ਕੁਰਬਾਨੀਆਂ ਨੇ ਸਿੱਖਾਂ ਦੀ ਮੌਜੂਦਾ ਆਜ਼ਾਦੀ ਪ੍ਰਾਪਤੀ ਦੀ ਲਹਿਰ ਦਾ ਮੁੱਢ ਬੰਨਿਆ।
ਇਹ ਵੀ ਪੜ੍ਹੋ:-ਪਾਕਿਸਤਾਨ ’ਚ ਸਿੱਖ ਸ਼ਰਧਾਲੂ ਦੀ ਮੌਤ: ਜਿੱਥੇ ਹੋਇਆ ਜਨਮ, ਉਥੇ ਲਿਆ ਆਖਰੀ ਸਾਹ