ਅੰਮ੍ਰਿਤਸਰ: ਆਪਣੀ ਜੇਬ੍ਹ ਵਿੱਚੋਂ ਕਰੋੜਾਂ ਰੁਪਏ ਸੇਵਾ ਕਾਰਜਾਂ 'ਤੇ ਖ਼ਰਚ ਕਰਨ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸ਼ਹੀਦ ਊਧਮ ਸਿੰਘ ਫਾਊਂਂਡੇਸ਼ਨ ਦੇ ਸਹਿਯੋਗ ਨਾਲ ਖੋਲ੍ਹੇ ਗਏ ਸੰਨੀ ਓਬਰਾਏ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਕੇਂਦਰ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਅਤੇ ਟਰੱਸਟ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਗਿਆ।
ਸਰਬੱਤ ਦਾ ਭਲਾ ਟਰੱਸਟ ਵੱਲੋਂ ਇੱਕ ਹੋਰ ਸ਼ਲਾਘਾਯੋਗ ਉਪਰਾਲਾ, ਗੁਰੂ ਨਗਰੀ 'ਚ ਖੋਲ੍ਹਿਆ ਡੈਂਟਲ ਕਲੀਨਿਕ ਅਤੇ ਫਿਜ਼ੀਓਥੈਰੇਪੀ ਕੇਂਦਰ - ਅੰਮ੍ਰਿਤਸਰ ਨਿਊਜ਼
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸਰਬੱਤ ਦਾ ਭਲਾ ਟਰੱਸਟ ਨੇ ਮਾਨਵ ਭਲਾਈ ਲਈ ਇੱਕ ਹੋਰ ਸ਼ਲਾਘਾ ਯੋਗ ਉਪਰਾਲਾ ਕਰਦਿਆਂ ਡੈਂਟਲ ਕਲੀਨਿਕ ਅਤੇ ਫਿਜ਼ੀਓਥੈਰੇਪੀ ਕੇਂਦਰ ਖੋਲ੍ਹਿਆ। ਇਸ ਡੈਂਟਲ ਕਲੀਨਿਕ ਅਤੇ ਫਿਜ਼ੀਓਥੈਰੇਪੀ ਕੇਂਦਰ ਦਾ ਉਦਘਾਟਨ ਕੈਬਿਨਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ।
ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਸੈਂਟਰਾਂ ਦਾ ਉਦਘਾਟਨ:ਸ਼ਹੀਦ ਊਧਮ ਸਿੰਘ ਚੈਰੀਟੇਬਲ ਹਸਪਤਾਲ ਦੀ ਆਲੀਸ਼ਾਨ ਬਿਲਡਿੰਗ ਅੰਦਰ ਕੇਂਦਰਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨਿੱਜਰ ਨੇ ਕਿਹਾ ਕਿ ਉੱਘੇ ਸਮਾਜ ਸੇਵਕ ਡਾ.ਐੱਸ.ਪੀ. ਸਿੰਘ ਓਬਰਾਏ ਸਹੀ ਮਾਇਨਿਆਂ ਵਿੱਚ 'ਸਰਬੱਤ ਦਾ ਭਲਾ' ਸੰਕਲਪ 'ਤੇ ਚਲਦਿਆਂ ਆਪਣੇ ਸੇਵਾ ਕਾਰਜ ਨਿਭਾ ਰਹੇ ਹਨ। ਉਨ੍ਹਾਂ ਕਿਹਾ ਡਾ.ਓਬਰਾਏ ਵਰਗੇ ਨਿਰਸਵਾਰਥ ਦਾਨੀ ਸੱਜਣਾਂ ਦੀ ਬਦੌਲਤ ਹੀ ਪੂਰੀ ਦੁਨੀਆਂ ਅੰਦਰ ਪੰਜਾਬੀਅਂ ਦਾ ਨਾਂ ਉੱਚਾ ਹੋਇਆ ਹੈ। ਡਾ.ਨਿੱਝਰ ਨੇ ਇਹ ਵੀ ਕਿਹਾ ਕਿ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਲੈਬਾਰਟਰੀਆਂ ਵਾਂਗ ਹੁਣ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਸੈਂਟਰਾਂ ਦਾ ਵੀ ਆਮ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ। ਉਨ੍ਹਾਂ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ ਦੀ ਸਮੁੱਚੀ ਟੀਮ ਵੱਲੋਂ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਦਿੱਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
ਹਸਤੀਆਂ ਨੇ ਕੀਤੀ ਸ਼ਿਰਕਤ:ਇਸ ਦੌਰਾਨ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਅਤੇ ਟਰੱਸਟ ਮੁੱਖੀ ਡਾ.ਓਬਰਾਏ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਥੇ ਲੈਬੋਰਟਰੀ ਦੇ ਨਾਲ-ਨਾਲ ਹੁਣ ਆਧੁਨਿਕ ਡੈਂਟਲ ਕਲੀਨਿਕ ਅਤੇ ਫਿਜ਼ੀਓਥਰੈਪੀ ਕੇਂਦਰ ਵੀ ਸ਼ੁਰੂ ਹੋ ਗਿਆ ਹੈ, ਜਦ ਕਿ ਜਲਦ ਹੀ ਇੱਥੇ ਟਰੱਸਟ ਵੱਲੋਂ ਅਲਟਰਾਸਾਊਂਡ ਅਤੇ ਡਿਜ਼ੀਟਲ ਐਕਸਰੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਸਮਾਗਮ 'ਚ ਟਰੱਸਟੀ ਡਾ.ਸਤਨਾਮ ਸਿੰਘ ਨਿੱਜਰ, ਭੁਪਿੰਦਰ ਸਿੰਘ ਯੂ.ਐੱਸ.ਏ ਅਤੇ ਓ.ਐੱਸ.ਡੀ.ਮਨਪ੍ਰੀਤ ਸਿੰਘ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸ਼ਹੀਦ ਊਧਮ ਸਿੰਘ ਯਾਦਗਾਰੀ ਫਾਊਂਡੇਸ਼ਨ ਦੇ ਪ੍ਰਧਾਨ ਦੀਪ ਸਿੰਘ ਕੰਬੋਜ਼, ਜਨਰਲ ਸਕੱਤਰ ਸਤਬੀਰ ਸਿੰਘ,ਮੈਂਬਰ ਸੁਰਜੀਤ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਟਰੱਸਟ ਨੂੰ ਹਰ ਪੱਖ ਤੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਡੈਂਟਲ ਕੇਂਦਰ ਨੂੰ ਇੱਕ ਡੈਂਟਲ ਚੇਅਰ ਡਾ.ਤਮਨਪ੍ਰੀਤ ਕੌਰ ਪੁੱਤਰੀ ਹਰਮੀਤ ਸਿੰਘ ਚਾਵਲਾ ਨੇ ਭੇਟ ਕੀਤੀ ਹੈ।