ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਵਿਖੇ ਕ੍ਰਿਸਮਿਸ ਦਿਹਾੜੇ ਮੌਕੇ ਐਸਪੀ ਹੈੱਡਕੁਆਰਟਰ ਅੰਮ੍ਰਿਤਸਰ ਦਿਹਾਤੀ ਕਮ ਡੀਸੀਪੀਓ ਜਸਵੰਤ ਕੌਰ ਅਤੇ ਜਿਲ੍ਹਾ ਸਾਂਝ ਕੇਂਦਰ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਤੋਂ ਇਲਾਵਾ ਸੁਪਰ ਵਿਜ਼ਨ ਅਫਸਰ ਕੁਲਦੀਪ ਸਿੰਘ ਰਿਆੜ ਦੀ ਅਗਵਾਈ ਵਿਚ ਝੁੱਗੀਆਂ ਝੌਪੜੀਆਂ ਵਿੱਚ ਰਹਿੰਦੇ ਬੱਚਿਆਂ ਨਾਲ ਸਾਂਝ ਪੁਲਿਸ ਟੀਮ (Sanjh Police) ਨੇ ਸਾਂਝ ਪਾਉਂਦਿਆਂ ਕ੍ਰਿਸਮਿਸ ਦਿਹਾੜੇ ਮੌਕੇ ਕੇਕ ਕੱਟ ਕੇ ਖੁਸ਼ੀ ਮਨਾਈ ਅਤੇ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ।
ਲੋੜਵੰਦ ਲੋਕਾਂ ਨੂੰ ਵੰਡਿਆ ਗਿਆ ਘਰੇਲੂ ਰਾਸ਼ਨ: ਇਸੇ ਦੌਰਾਨ ਗੱਲਬਾਤ ਕਰਦਿਆਂ ਮੈਡਮ ਜਸਵੰਤ ਕੌਰ ਨੇ ਕਿਹਾ ਕਿ ਅੱਜ ਸੜਕ ਕਿਨਾਰੇ ਝੁੱਗੀਆਂ ਵਿੱਚ ਰਹਿੰਦੇ ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਅਤੇ ਹੋਰ ਥਾਵਾਂ ਤੇ ਲੋੜਵੰਦ ਲੋਕਾਂ ਨੂੰ ਘਰੇਲੂ ਰਾਸ਼ਨ ਵੰਡਿਆ ਗਿਆ ਹੈ। ਇਸਦੇ ਇਲਾਵਾ ਕ੍ਰਿਸਮਿਸ ਦਿਹਾੜਾ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ ਹੈ। ਉਨ੍ਹਾਂ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਹੋ ਕੇ ਸੇਵਾ ਕਰਨ ਦੀ ਅਪੀਲ ਕੀਤੀ।