ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਪ੍ਰਕੋਪ ਕਰਕੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਦੀ ਮਾਰ ਤੋਂ ਭਾਰਤ ਵੀ ਨਹੀਂ ਬਚਿਆ ਤੇ ਪੰਜਾਬ ਵਿੱਚ ਵੀ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਸਿਹਤ ਸਹੂਲਤਾਂ ਦੇਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਕੁੱਝ ਸਮਾਜਿਕ ਸੰਸਥਾਵਾਂ ਵੀ ਆਪਣੇ ਪੱਧਰ 'ਤੇ ਰਾਸ਼ਨ ਆਦਿ ਤੇ ਸੈਨੇਟਾਈਜ਼ਰ ਵੰਡਣ ਦੀ ਸੇਵਾ ਕਰ ਰਹੀਆਂ ਹਨ। ਇਸੇ ਤਹਿਤ ਹੀ ਅਕਾਲ ਚੈਨਲ ਯੂਕੇ ਤੇ ਜਗਤ ਸੁੱਖ ਇੰਡਸਟਰੀ ਲੁਧਿਆਣਾ ਵੱਲੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਸੈਨੇਟਾਈਜ਼ ਕਰਨ ਲਈ ਮਸ਼ੀਨ ਭੇਟ ਕੀਤੀ ਗਈ।
ਇਹ ਮਸ਼ੀਨ ਭੇਟ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਸਾਵਧਾਨ ਹੋਣ ਦੀ ਲੋੜ ਹੈ। ਇਸ ਲਈ ਅਜਿਹੇ ਸਮੇਂ ਆਲੇ-ਦੁਆਲੇ ਨੂੰ ਸੈਨੇਟਾਈਜ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਵੱਲੋਂ ਅਕਾਲ ਚੈਨਲ ਦੇ ਮੁਖੀ ਅਮਰੀਕ ਸਿੰਘ ਕੂਨਰ ਤੇ ਜਗਤ ਸੁੱਖ ਇੰਡਰਸਟਰੀ ਲੁਧਿਆਣਾ ਦੇ ਮਾਲਕ ਜਗਜੀਤ ਸਿੰਘ ਪਾਸੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।