ਅੰਮ੍ਰਿਤਸਰ:ਸਤਲੁਜ ਘੱਗਰ ਰਾਵੀ ਤੋਂ ਬਾਅਦ ਹੁਣ ਬਿਆਸ ਦਰਿਆ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ ਮਾਝੇ ਅਤੇ ਦੋਆਬੇ ਦੇ ਨੀਵੇਂ ਖੇਤਰਾਂ ਲਈ ਖਤਰੇ ਦੀ ਘੰਟੀ ਹੈ। ਇਸੇ ਦੇ ਚੱਲਦਿਆਂ ਤਰਨ ਤਾਰਨ ਖੇਤਰ ਵਿੱਚ ਬੀਤੇ ਕੱਲ੍ਹ ਪਾੜ ਪੈਣ ਨਾਲ ਕਰੀਬ 1500 ਏਕੜ ਫ਼ਸਲਾਂ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਪਹਾੜੀ ਅਤੇ ਮੈਦਾਨੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਹੁਣ ਡੈਮ ਵਿੱਚ ਵੱਧ ਰਹੇ ਜਲ ਭੰਡਾਰ ਨੂੰ ਲੋੜ ਅਨੁਸਾਰ ਖਾਲੀ ਕਰਨ ਲਈ ਸਮੇਂ ਸਮੇਂ 'ਤੇ ਡੈਮ ਦੇ ਗੇਟ ਖੋਲ੍ਹੇ ਜਾ ਰਹੇ ਹਨ। ਇਸੇ ਦੇ ਚੱਲਦਿਆਂ ਬੀਤੇ ਦਿਨਾਂ ਦਰਮਿਆਨ 2 ਵਾਰ ਪੋਂਗ ਡੈਮ ਦਾ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਚੁੱਕਾ ਹੈ। ਜਿਸ ਕਾਰਨ ਬੀਤੇ ਦੋ ਤਿੰਨ ਦਿਨਾਂ ਤੋਂ ਬਿਆਸ ਦਰਿਆ 50 ਹਜ਼ਾਰ ਕਿਊਸਿਕ ਤੋਂ ਵੀ ਕੁਝ ਪੁਆਇੰਟ ਉਪਰ ਵਹਿ ਰਿਹਾ ਹੈ।
ਪੁੱਲ ਟੁੱਟਣ ਦੀ ਅਫਵਾਹ: ਇਕ ਪਾਸੇ ਜਿੱਥੇ ਲੋਕ ਪਹਿਲਾਂ ਹੀ ਬਿਆਸ ਦਰਿਆ ਵਿੱਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖ ਸਹਿਮੇ ਹੋਏ ਹਨ । ਉੱਥੇ ਹੀ ਕੁਝ ਲੋਕ ਸੋਸ਼ਲ ਮੀਡੀਆ 'ਤੇ ਬਿਆਸ ਪੁਲ ਟੁੱਟਣ ਦੀ ਮਿਲੀ ਅਫਵਾਹ ਰੂਪੀ ਸੂਚਨਾ ਨੂੰ ਬਿਨ੍ਹਾਂ ਤਸਦੀਕ ਕੀਤੇ ਅੱਗੇ -ਅੱਗੇ ਭੇਜ ਰਹੇ ਹਨ। ਜਿਸ ਤੋਂ ਬਾਅਦ ਲੋਕਲ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਨਜ਼ਦੀਕੀਆਂ ਵਲੋਂ ਇਸ ਅਫਵਾਹ ਬਾਰੇ ਪੁੱਛਿਆ ਜਾ ਰਿਹਾ ਹੈ। ਇਸ ਅਫਵਾਹ ਦੀ ਸਚਾਈ ਜਾਣਨ ਲਈ ਜਦ ਦਰਿਆ ਬਿਆਸ ਹਾਈ ਟੈੱਕ ਪੁਲਿਸ ਨਾਕੇ ਤੇ ਤੈਨਾਤ ਏ ਐਸ ਆਈ ਮਨਜੀਤ ਸਿੰਘ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਇਸ ਦਾ ਖੰਡਣ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ 'ਤੇ ਬਣੇ ਬਿਆਸ ਪੁੱਲ 'ਤੇ ਆਵਾਜਾਈ ਬਿਲਕੁਲ ਆਮ ਵਾਂਗ ਬਹਾਲ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲ ਪਹਿਲਾਂ ਕਥਿਤ ਤੌਰ 'ਤੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਕਿਸੇ ਪੁੱਲ ਨੂੰ ਲੈਅ ਕੇ ਅਫਵਾਹ ਫੈਲਾਈ ਜਾ ਰਹੀ ਹੈ ਜੋ ਕਿ ਝੂਠੀ ਹੈ।