ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੱਲੋਂ ਇੱਕ ਵੀਡੀਓ ਵਿੱਚ ਭੱਦੀ ਸ਼ਬਦਾਵਲੀ ਵਰਤੇ ਬਿਨਾਂ ਨਾਮ ਲਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਵੀਡਿਓ ਦੇ ਵਿੱਚ ਉਸ ਨੇ ਕਿਹਾ ਕਿ ਉੱਥੇ ਬੈਠਾ ਭਾਸ਼ਨ ਦਿੰਦਾ ਰਿਹਾ ਤੇ ਸਾਡੀ 25 ਹਜ਼ਾਰ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਵਾ ਦਿੱਤੇ ਅਤੇ ਰੁਲਦੂ ਸਿੰਘ ਮਾਨਸਾ ਦੇ ਇਸ ਵਿਵਾਦਿਤ ਬਿਆਨ ਉੱਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਿਸ ਦੇ ਚਲਦੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਉਨ੍ਹਾਂ ਦੇ ਨਾਲ ਕੁਝ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਰੁਲਦੂ ਸਿੰਘ ਮਾਨਸਾ ਆਪਣੀ ਤੋਪ ਦਾ ਮੂੰਹ ਸਿਰਫ਼ ਮੋਦੀ ਸਰਕਾਰ ਵੱਲ ਰੱਖੇ।
ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਵੀ ਸਿੱਖਾਂ ਤੇ ਵਿਵਾਦਿਤ ਬਿਆਨ ਦਿੰਦੇ ਆ ਰਹੇ ਹਨ, ਪਰ ਅਸੀਂ ਕਿਸਾਨ ਮੋਰਚੇ ਦੀ ਚੜਦੀ ਕਲਾ ਵਾਸਤੇ ਚੁੱਪ ਬੈਠੇ ਹਾਂ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਵੱਲੋਂ ਕਿਹਾ ਗਿਆ ਸੀ, ਕਿ ਮੋਰਚੇ ਦੇ ਵਿੱਚ ਕੇਸਰੀ ਨਿਸ਼ਾਨ ਨਾ ਲਹਿਰਾਇਆ ਜਾਵੇ ਅਤੇ ਹੁਣ ਰੁਲਦੂ ਸਿੰਘ ਮਾਨਸਾ ਵੱਲੋਂ ਅਜਿਹਾ ਬਿਆਨ ਦੇਣਾ ਸਿੱਖ ਕੌਮ ਨੂੰ ਢਾਹ ਲਾਉਣ ਵਾਲੀ ਗੱਲ ਹੈ।