ਅੰਮ੍ਰਿਤਸਰ: ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਪੰਜਾਬ ਦੌਰੇ ਉੱਤੇ ਹਨ, ਜਿਹਨਾਂ ਦਾ ਅੱਜ ਪੰਜਾਬ ਵਿੱਚ ਆਖੀਰਲਾ ਦਿਨ ਹੈ। ਆਖਰੀ ਦਿਨ ਮੋਹਨ ਭਾਗਵਤ ਡੇਰਾ ਬਿਆਸ ਪਹੁੰਚੇ ਜਿੱਥੇ ਉਹਨਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਭਾਗਵਤ ਹੁਣ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਗੇ।
ਬੀਤੇ ਦਿਨ ਕੀਤੀਆਂ ਸਨ ਕਈ ਮੀਟਿੰਗਾਂ:ਇਸ ਤੋਂ ਪਹਿਲਾਂ ਕੱਲ੍ਹ ਮੋਹਨ ਭਾਗਵਤ ਨੇ ਵਿਦਿਆਧਾਮ ਵਿੱਚ ਆਲ ਇੰਡੀਆ ਟੀਮ ਨਾਲ ਦਿਨ ਭਰ ਮੀਟਿੰਗ ਕੀਤੀ। ਮੀਟਿੰਗ ਵਿੱਚ ਉਨ੍ਹਾਂ ਪੰਜਾਬ ਦੇ ਚੋਣ ਸਮੀਕਰਨਾਂ ਬਾਰੇ ਚਰਚਾ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ RSS ਅਤੇ BJP ਨੂੰ ਫਾਇਦਾ ਹੋ ਸਕੇ। ਹਾਲਾਂਕਿ ਹੁਣ ਤੱਕ ਭਾਗਵਤ ਪੰਜਾਬ ਭਾਜਪਾ ਦੇ ਕਿਸੇ ਵੱਡੇ ਨੇਤਾ ਨੂੰ ਨਹੀਂ ਮਿਲੇ ਹਨ।
ਪਿਛਲੇ ਤਿੰਨ ਦਿਨਾਂ ਤੋਂ ਹਨ ਪੰਜਾਬ ਦੌਰੇ ਉੱਤੇ: ਮੋਹਨ ਭਾਗਵਤ 3 ਦਿਨਾਂ ਲਈ ਪੰਜਾਬ ਦੌਰੇ 'ਤੇ ਉੱਤੇ ਆਏ ਹੋਏ ਸਨ। ਭਾਗਵਤ ਦੀ ਮੀਟਿੰਗ ਵਿੱਚ ਹੁਣ ਤੱਕ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਰਾਜਾਂ ਦੇ ਵਲੰਟੀਅਰਾਂ ਨੇ ਭਾਗ ਲਿਆ ਅਤੇ ਆਪਣੇ ਇਲਾਕੇ ਦੇ ਚੋਣ ਸਮੀਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਲੰਧਰ ਵਿੱਚ ਆਰਐਸਐਸ ਦਾ ਕਾਫੀ ਪ੍ਰਭਾਵ ਹੈ, ਕਿਉਂਕਿ ਇੱਥੇ ਆਰਐਸਐਸ ਦੇ ਕਈ ਸਰਗਰਮ ਆਗੂ ਹਨ ਜਿਨ੍ਹਾਂ ਦਾ ਆਪੋ-ਆਪਣੇ ਖੇਤਰਾਂ ਵਿੱਚ ਚੰਗਾ ਪ੍ਰਭਾਵ ਹੈ।
2024 ਦੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਦੌਰਾ: ਭਾਗਵਤ ਦੇ ਇਸ ਦੌਰੇ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਵਿੱਚ ਕੁਝ ਸਮੇਂ ਵਿੱਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦਾ ਲਾਭ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਮਿਲੇਗਾ। ਬੀਜੇਪੀ ਨੇ ਤਿੰਨ ਰਾਜਾਂ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਇਹ ਮੀਟਿੰਗ ਕੀਤੀ ਸੀ। ਦੱਸ ਦਈਏ ਕਿ ਭਾਜਪਾ ਸੂਬੇ 'ਚ ਪਹਿਲੀ ਵਾਰ ਇਕੱਲਿਆਂ ਚੋਣਾਂ ਲੜੇਗੀ। ਭਾਜਪਾ ਦੇ ਨਾਲ-ਨਾਲ ਹੁਣ ਆਰਐਸਐਸ ਵੀ ਆਪਣੇ ਪ੍ਰਚਾਰ ਵਿੱਚ ਸਰਗਰਮ ਹੋ ਗਈ ਹੈ। ਮੋਹਨ ਭਾਗਵਤ ਦੀ ਮੀਟਿੰਗ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਇਹ ਮੀਟਿੰਗ ਸੂਰਿਆ ਐਨਕਲੇਵ, ਜਲੰਧਰ ਸਥਿਤ ਵਿਦਿਆਧਾਮ ਵਿਖੇ ਹੋਈ। ਇਸ ਦੌਰਾਨ ਆਰਐਸਐਸ ਮੁਖੀ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਇਸ ਤੋਂ ਪਹਿਲਾਂ 2018 'ਚ ਆਏ ਸੀ ਪੰਜਾਬ: ਜਾਣਕਾਰੀ ਅਨੁਸਾਰ ਸਾਲ 2018 ਦੇ ਵਿੱਚ ਆਰਐਸਐਸ ਮੁੱਖੀ ਮੋਹਨ ਭਾਗਵਤ ਪੰਜਾਬ ਆਏ ਸਨ, ਜੋ ਉਸ ਸਮੇਂ ਵੀ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਪੁੱਜੇ ਸਨ। ਇਸ ਤੋਂ ਬਾਅਦ ਹੁਣ ਉਹ 2023 ਵਿੱਚ ਮੁੜ ਡੇਰਾ ਬਿਆਸ ਵਿਖੇ ਪਹੁੰਚੇ ਹਨ।
ਡੇਰਾ ਬਿਆਸ ਪਹੁੰਚੇ ਮੋਦੀ ਸਣੇ ਕਈ ਸਿਆਸੀ ਚਿਹਰੇ:ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਆਗੂ ਰਾਹੁਲ ਗਾਂਧੀ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਵੱਡੇ ਸਿਆਸੀ ਚਿਹਰੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰ ਚੁੱਕੇ ਹਨ।