ਅੰਮ੍ਰਿਤਸਰ:ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਦੇ ਕੇਂਦਰੀ ਵਜ਼ੀਰ ਸ੍ਰੀ ਰਾਮ ਦਾਸ ਅਠਾਵਲੇ ਨੇ ਸੂਬੇ ਦੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਾਉਂਣ ਦਾ ਬੀੜਾ ਚੁੱਕ ਲਿਆ ਹੈ। ਕੇਂਦਰੀ ਮੰਤਰੀ ਭਾਰਤ ਸਰਕਾਰ ਸ੍ਰੀ ਰਾਮਦਾਸ ਅਠਾਵਲੇ ਦੇ ਨਿਰਦੇਸਾਂ ’ਤੇ ਆਰਪੀਆਈ ਅਠਾਵਲੇ ਦੇ ਪੰਜਾਬ ਦੇ ਕਨਵੀਨਰ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠਲੇ ‘ਵਫਦ’ ਨੇ ਐਸਡੀਐਮ ਬਾਬਾ ਬਕਾਲਾ ਦੇ ਨਾਲ ਮੁਲਾਕਾਤ ਕੀਤੀ।
ਵਫਦ ‘ਚ ਸ਼ਾਮਲ ਗੋਪਾਲ ਸਿੰਘ ਉਮਰਾਨੰਗਲ, ਬੀਬਾ ਹਰਪ੍ਰੀਤ ਕੌਰ ਬੱਲ, ਸੁਖਦੇਵ ਸਿੰਘ ਕਾਲੇਕੇ, ਅੰਮ੍ਰਿਤਪਾਲ ਸਿੰਘ ਸਠਿਆਲਾ, ਸ਼ੇਰ ਸਿੰਘ ਮੀਆਂਵਿੰਡ ਆਦਿ ਦੀ ਅਗਵਾਈ ਕਰਦੇ ਹੋਏ ਆਰਪੀਆਈ ਦੇ ਸੂਬਾ ਕਨਵੀਨਰ ਸਤਨਾਮ ਸਿੰਘ ਗਿੱਲ ਨੇ ਬਲਾਕ ਰਈਆ ਦੇ 32 ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਪਾਲ੍ਹਣਾ ਕਰਨ ‘ਚ ਕੁਤਾਹੀ ਤੋਂ ਕੰਮ ਲੈਣ ਅਤੇ ਲਾਭਪਤਾਰੀ ਬੱਚਿਆਂ ਦੇ ਅਧਿਕਾਰਾਂ ਦੇ ਹਨਨ ਕਰਨ ਦੇ ਮਾਮਲੇ ਦੀ ‘ਜਾਂਚ’ ਕਰਨ ਦਾ ਮੁੱਦਾ ਐਸਡੀਐਮ ਕੋਲ ਉਠਾਇਆ।
ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅਸੀਂ ਬਾਬਾ ਬਕਾਲਾ ਹਲਕੇ ਦੇ 32 ਅਜਿਹੇ ਸਕੂਲਾਂ ਦੀ ਸੂਚੀ ਅੱਜ ਸਥਾਨਕ ਪ੍ਰਸਾਸ਼ਨਿਕ ਅਧਿਕਾਰੀ ਨੂੰ ਸੌਂਪਦੇ ਹੋਏ ਮੰਗ ਕੀਤੀ ਹੈ ਕਿ ਹਰ ਸੂਚੀ ‘ਚ ਸ਼ਾਮਲ ਕੀਤੇ ਗਏ ਪ੍ਰਾਈਵੇਟ ਸਕੂਲਾਂ ਦੇ 2010 ਤੋਂ ਲੈਕੇ ਚਾਲੂ ਵਰ੍ਹੇ ਤੱਕ ਦੇ ਸਲਾਨਾ ਪ੍ਰਾਸਪੈਕਟ ਅਤੇ ਸਕੂਲਾਂ ਦੇ ਸਵੈ ਘੋਸ਼ਣਾ ਪੱਤਰਾਂ ਨੂੰ ਤਫਤੀਸ਼ ਅਧੀਨ ਲਿਆਂਦਾ ਜਾਵੇ ਤਾਂ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਪਾਲ੍ਹਣਾ ਨੂੰ ਯਕੀਨੀ ਬਣਾਉਣ ਲਈ 18 ਨਵੰਬਰ 2010 ਨੂੰ ਜਾਰੀ ਕੀਤੇ ਨੋਟੀਫੀਕੇਸ਼ਨ ਨੂੰ ਸਕੂਲ ‘ਚ ਲਾਗੂ ਨਾ ਕਰਨ ਵਾਲਿਆਂ ਦੀ ਸ਼ਨਾਖਤ ਹੋ ਸਕੇ।