ਅੰਮ੍ਰਿਤਸਰ:ਸ਼ਹਿਰ ਦੇ ਕੱਥੂਨੰਗਲ ਵਿਖੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੁੱਟ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ 18 ਲੱਖ ਰੁਪਏ ਦੇ ਕਰੀਬ ਲੁੱਟ ਹੋਈ ਹੈ। ਬੈਂਕ ਦੇ ਅੰਦਰ ਸਵੇਰੇ 11 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਚੁੱਕੇ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਦੇ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਪਿਸਤੌਲ ਦੀ ਨੌਕ 'ਤੇ ਹੋਈ ਲੁੱਟ: ਬੈਂਕ ਦੇ ਮੈਨੇਜਰ ਰੋਹਿਤ ਬੱਬਰ ਨੇ ਦੱਸਿਆ ਕਿ ਅੱਜ (ਸੋਮਵਾਰ) 10 ਵਜੇ ਕੇ 55 ਮਿੰਟ ਦੇ ਕਰੀਬ ਦੋ ਵਿਅਕਤੀਆਂ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, ਉਹ ਬੈਂਕ ਅੰਦਰ ਦਾਖਲ ਹੋਏ। ਉਨ੍ਹਾਂ ਕਿਹਾ ਕਿ ਦੋਹਾਂ ਕੋਲ ਦੋ ਪਿਸਟਲ ਸਨ ਅਤੇ ਲੁਟੇਰਿਆਂ ਵਲੋਂ ਆਉਂਦਿਆਂ ਸਾਰ ਹੀ ਆਪਣੀ ਪਿਸਤੌਲ ਦੀ ਨੋਕ ਉੱਪਰ ਸਾਰੇ ਲੋਕਾਂ ਨੂੰ ਇਕ ਪਾਸੇ ਕਰ ਲਿਆ ਗਿਆ ਤੇ ਕੈਸ਼ੀਅਰ ਮੈਡਮ ਪਾਸੋ ਸਾਰਾ ਕੈਸ਼ ਲੈ ਕੇ ਫ਼ਰਾਰ ਹੋ ਗਏ ਹਨ।
ਘਟਨਾ ਸੀਸੀਟੀਵੀ 'ਚ ਕੈਦ: ਬੈਂਕ ਮੈਨੇਜਰ ਰੋਹਿਤ ਨੇ ਕਿਹਾ ਕਿ ਬੈਂਕ ਦੇ ਸੀਸੀਟੀਵੀ ਕੈਮਰੇ ਵਿੱਚ ਲੁੱਟ ਦੀ ਘਟਨਾ ਕੈਦ ਹੋ ਗਈ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 18 ਲੱਖ ਤੱਕ ਦੀ ਲੁੱਟ ਤਾਂ ਹੋਈ ਹੈ, ਬਾਕੀ ਸਹੀ ਅੰਕੜੇ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ।