ਚੋਰੀ ਸਬੰਧੀ ਜਾਣਕਾਰੀ ਦਿੰਦਾ ਪਰਿਵਾਰ ਅੰਮ੍ਰਿਤਸਰ :ਇੱਕ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਪੁਲਿਸ ਵੱਲੋਂ ਚੱਪੇ-ਚੱਪੇ 'ਤੇ ਨਾਕੇਬੰਦੀ ਕਰਕੇ ਸ਼ਹਿਰ ਵਾਸੀਆਂ ਨੂੰ ਰੋਕ ਕੇ ਉਹਨਾਂ ਦੇ ਕਾਗਜ਼ ਚੈੱਕ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅੰਮ੍ਰਿਤਸਰ ਵਿੱਚ ਵੱਡੀਆਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਜੋ ਕਿ ਪੁਲਿਸ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਕਰ ਰਹੀਆਂ ਹਨ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈਕੇ ਨੱਕ ਚਿੜਾ ਰਹੀਆਂ ਹਨ। (Theft gold and cash In Amritsar)
ਲੱਖਾਂ ਦੀ ਲੁੱਟ ਦਾ ਮਾਮਲਾ ਆਇਆ ਸਾਹਮਣੇ: ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਪੈਂਦੇ ਨਵਾਂ ਕੋਟ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿਥੇ ਇਲਾਕੇ ਦੇ ਇਕ ਘਰ 'ਚ ਬਦਮਾਸ਼ਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਕੇ 25 ਤੋਲੇ ਸੋਨਾ ਤੇ 60 ਤੋਂ 70 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਇੱਕ ਮੁਲਜ਼ਮ ਛੱਤ ਰਾਹੀਂ ਘਰ 'ਚ ਦਾਖਲ ਹੋਇਆ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ।
ਘਰ 'ਚ ਹੀ ਸੁੱਤਾ ਪਿਆ ਸੀ ਪਰਿਵਾਰ: ਇਸ ਸਬੰਧੀ ਪੀੜਤ ਔਰਤ ਊਸ਼ਾ ਅਰੋੜਾ ਦਾ ਕਹਿਣਾ ਹੈ ਕਿ ਉਹ ਰਾਤ ਕਰੀਬ 10 ਵਜੇ ਆਪਣੇ ਲੜਕੇ ਨਾਲ ਸੁੱਤੀ ਪਈ ਸੀ। ਜਦੋਂ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਉਹ ਉੱਠੀ ਤਾਂ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਅਲਮਾਰੀ ਦੀ ਜਾਂਚ ਕੀਤੀ ਗਈ ਤਾਂ 25 ਤੋਲੇ ਸੋਨੇ ਦੇ ਕਰੀਬ ਗਹਿਣੇ ਅਤੇ 60 ਤੋਂ 70 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਜਿਸ 'ਚ ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਦੇ ਪੁੱਤ ਗੌਰਵ ਅਰੋੜਾ ਦਾ ਕਹਿਣਾ ਕਿ ਉਨ੍ਹਾਂ ਦਾ ਇਸ ਚੋਰੀ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਜਿਸ ਲਈ ਪੁਲਿਸ ਨੂੰ ਜਲਦ ਤੋਂ ਜਲਦ ਮੁਲਜ਼ਮ ਕਾਬੂ ਕਰਕੇ ਸਮਾਨ ਲੱਭ ਕੇ ਵਾਪਸ ਦਿਵਾਉਣਾ ਚਾਹੀਦਾ ਹੈ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ:ਦੂਜੇ ਪਾਸੇ ਇਸ ਮਾਮਲੇ 'ਚ ਮੌਕੇ 'ਤੇ ਜਾਂਚ ਲਈ ਪੁਲਿਸ ਟੀਮ ਵੀ ਪਹੁੰਚੀ ਹੈ। ਜਿਸ ਨੂੰ ਲੈਕੇ ਪੁਲਿਸ ਅਧਿਕਾਰੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਪਰਿਵਾਰ ਵੱਲੋਂ ਜਿੰਨੇ ਲੱਖ ਦੀ ਚੋਰੀ ਦੱਸੀ ਜਾ ਰਹੀ ਹੈ, ਉਸ ਸਬੰਧੀ ਪਰਿਵਾਰ ਤੋਂ ਸਾਰੇ ਸਮਾਨ ਦੇ ਬਿੱਲ ਮੰਗੇ ਗਏ ਹਨ ਅਤੇ ਪੂਰਾ ਹਿਸਾਬ ਲਾਉਣ ਤੋਂ ਬਾਅਦ ਹੀ ਚੋਰੀ ਹੋਏ ਸਮਾਨ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਚੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਚੋਰੀਆਂ ਤੋਂ ਅੱਕੇ ਲੋਕਾਂ ਨੇ ਲਾਇਆ ਸੀ ਧਰਨਾ: ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ਵਿੱਚ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਪੂਰਾ ਅੰਮ੍ਰਿਤਸਰ ਪਰੇਸ਼ਾਨ ਹੈ, ਜਿਸ ਦੇ ਚੱਲਦੇ ਬੀਤੀ ਰਾਤ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਉੱਪਰ ਵੀ ਇਲਾਕਾ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਪੁਲਿਸ ਤੇ ਪੰਜਾਬ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ ਗਿਆ ਸੀ ਅਤੇ ਉਸ ਸਮੇਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨਹੀਂ ਵਧਣ ਦਿੱਤੀਆਂ ਜਾਣਗੀਆਂ ਤੇ ਪੁਲਿਸ ਵੱਲੋਂ ਪੈਟਰੋਲਿੰਗ ਵੀ ਵਧਾਈ ਗਈ ਸੀ। ਉਧਰ 12 ਘੰਟੇ ਵੀ ਨਹੀਂ ਬੀਤੇ ਕਿ ਅੰਮ੍ਰਿਤਸਰ ਵਿੱਚ ਇੰਨੀ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆ ਗਈ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ।