ਜ਼ਿੰਦਾਦਿਲੀ ਅਤੇ ਹੌਂਸਲੇ ਦੀ ਮਿਸਾਲ ਹੈ ਮਾਝੇ ਦਾ ਇਹ ਰਿਕਸ਼ਾ ਚਾਲਕ ਅੰਮ੍ਰਿਤਸਰ: ਆਜ਼ਾਦੀ ਦਿਹਾੜੇ ਨੂੰ ਹਰ ਕੋਈ ਆਪਣੇ-ਆਪਣੇ ਢੰਗ ਨਾਲ ਮਨਾਉਂਦਾ ਹੈ। ਇਸ ਦੌਰਾਨ ਦੁਕਾਨਦਾਰੀ ਚਲਾਉਣ ਵਾਲੇ ਵੀ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤਦੇ ਹਨ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਵੱਡੇ ਵੱਡੇ ਮਾਲਾਂ, ਰੈਸਟੋਰੈਂਟਾਂ ਜਾਂ ਫਿਰ ਹੋਰ ਬਹੁਤ ਜਗ੍ਹਾ 'ਤੇ ਆਫਰਾਂ ਲੱਗੀਆਂ ਹੋਣਗੀਆਂ ਪਰ ਅੰਮ੍ਰਿਤਸਰ ਦੇ ਮਾਝੇ ਹਲਕੇ ਦੇ ਜੰਡਿਆਲਾ ਗੁਰੂ ਦਾ ਅਜਿਹਾ ਰਿਕਸ਼ਾ ਚਾਲਕ, ਜਿਸ ਵਲੋਂ ਆਜ਼ਾਦੀ ਦਿਹਾੜੇ ਨੂੰ ਲੈਕੇ ਖਾਸ ਆਫ਼ਰ ਲਗਾਈ ਗਈ ਹੈ।
ਆਜ਼ਾਦੀ ਦਿਹਾੜੇ ਮੌਕੇ ਆਫ਼ਰ:ਰਿਕਸ਼ਾ ਚਾਲਕ ਵਲੋਂ ਆਜ਼ਾਦੀ ਦਿਹਾੜੇ ਮੌਕੇ ਲਗਾਈ ਆਫ਼ਰ ਨਾਲ ਉਸ ਦਾ ਦੇਸ਼ ਪ੍ਰਤੀ ਪਿਆਰ ਅਤੇ ਜਜ਼ਬਾ ਦੇਖਣ ਨੂੰ ਮਿਲਦਾ ਹੈ। ਇਸ ਆਫ਼ਰ ਨੂੰ ਦੇਖ ਤੁਹਾਨੂੰ ਵੀ ਉਸ ਰਿਕਸ਼ਾ ਚਾਲਕ 'ਤੇ ਬੇਹੱਦ ਖੁਸ਼ੀ ਮਹਿਸੂਸ ਹੋਵੇਗੀ,ਜਿਸ ਵਿੱਚ ਇਸ ਰਿਕਸ਼ਾ ਚਾਲਕ ਵਲੋਂ ਕੁਝ ਵੱਖਰਾ ਕਰ ਦਿਖਾਉਣ ਦੀ ਚਾਹਤ ਰੱਖਦਿਆਂ ਨਿਵੇਕਲਾ ਕਦਮ ਚੁੱਕਿਆ ਗਿਆ ਹੈ।
ਰਿਕਸ਼ਾ ਚਾਲਕ ਦਾ 36 ਘੰਟੇ ਲਈ ਆਫ਼ਰ:ਇਕ ਪਾਸੇ ਜਿੱਥੇ ਸਮੂਹ ਭਾਰਤ ਵਾਸੀ 15 ਅਗਸਤ ਦੇ ਜਸ਼ਨਾਂ ਨੂੰ ਮਨਾਉਣ ਲਈ ਪੱਬਾਂ ਭਾਰ ਨਜਰ ਆ ਰਹੇ ਹਨ ਤਾਂ ਉਥੇ ਹੀ ਇਸ ਰਿਕਸ਼ਾ ਚਾਲਕ ਕਾਕੂ ਸਿੰਘ ਵਲੋਂ ਆਜਾਦੀ ਦਿਹਾੜੇ ਦੇ ਮੱਦੇਨਜ਼ਰ 36 ਘੰਟੇ ਲਈ ਆਫ਼ਰ ਲਗਾਈ ਗਈ ਕਿ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਉਹ ਸਵਾਰੀ ਕੋਲੋਂ ਮਹਿਜ 2 ਰੁਪਏ ਹੀ ਲਵੇਗਾ। ਭਾਵੇਂ ਉਸ ਸਵਾਰੀ ਨੇ ਜੰਡਿਆਲਾ ਗੁਰੂ ਦੇ ਕਿਸੇ ਵੀ ਇਲਾਕੇ 'ਚ ਕਿਉਂ ਨਾ ਘੁੰਮਣਾ ਹੋਵੇ।
ਆਨਲਾਈਨ ਪੇਮੈਂਟ ਦਾ ਸਾਧਨ: ਦੱਸਿਆ ਜਾ ਰਿਹਾ ਕਿ ਨੌਜਵਾਨ ਜੰਡਿਆਲਾ ਗੁਰੂ 'ਚ ਰਿਕਸ਼ਾ ਯੂਨੀਅਨ ਦਾ ਪ੍ਰਧਾਨ ਹੈ ਅਤੇ ਉਸ ਵਲੋਂ ਇਸ ਆਫ਼ਰ ਦੇ ਨਾਲ ਹੀ ਆਨਲਾਈਨ ਪੇਮੈਂਟ ਦਾ ਸਾਧਨ ਵੀ ਰੱਖਿਆ ਗਿਆ ਹੈ, ਕਿਉਂਕਿ ਅੱਜ ਦੇ ਸਮੇਂ 'ਚ ਆਨਲਾਈਨ ਲੈਣ ਦੇਣ ਦੇ ਚੱਲਦੇ ਕਈ ਵਾਰ ਕਿਸੇ ਵਿਅਕਤੀ ਕੋਲ ਖੁੱਲ੍ਹੇ ਪੈਸੇ ਨਾ ਹੋਣ, ਜਿਸ ਦੇ ਚੱਲਦੇ ਉਸ ਨੇ ਇਹ ਉਪਰਾਲਾ ਵੀ ਨਾਲ ਹੀ ਕੀਤਾ ਹੈ।
ਆਮ ਦਿਨਾਂ 'ਚ ਲੈਂਦੇ ਨੇ ਵੱਧ ਪੈਸੇ: ਦੱਸ ਦਈਏ ਕਿ ਆਮ ਤੌਰ 'ਤੇ ਜੰਡਿਆਲਾ ਗੁਰੂ ਬੱਸ ਸਟੈਂਡ ਤੋਂ ਜੇਕਰ ਸ਼ਹਿਰ ਵਿੱਚ ਕਿਤੇ ਵੀ ਨੇੜੇ ਤੇੜੇ ਜਾਣਾ ਹੋਵੇ ਤਾਂ ਰਿਕਸ਼ਾ ਚਾਲਕ ਤਕਰੀਬਨ 20 ਤੋਂ 30 ਰੁਪਏ ਲੈਂਦੇ ਹਨ ਪਰ ਇਸ ਵੱਡੀ ਛੋਟ ਮਗਰ ਇਸ ਰਿਕਸ਼ਾ ਚਾਲਕ ਦਾ ਵੱਡਾ ਦਿਲ ਆਜ਼ਾਦੀ ਦਿਹਾੜੇ ਦੀ ਖੁਸ਼ੀ ਨੂੰ ਅਹਿਮ ਮੰਨਦਾ ਹੈ।
ਆਜ਼ਾਦੀ ਦਿਹਾੜੇ ਮੌਕੇ ਦੇਸ਼ ਸੇਵਾ: ਰਿਕਸ਼ਾ ਚਾਲਕ ਕਾਕੂ ਸਿੰਘ ਦਾ ਕਹਿਣਾ ਹੈ ਕਿ ਅਕਸਰ ਸਾਰਾ ਸਾਲ ਕਮਾ ਕੇ ਤਾਂ ਕੁਝ ਜੁੜਿਆ ਨਹੀਂ ਫਿਰ 36 ਘੰਟੇ ਨਾਲ ਹੋਰ ਕੁਝ ਮਿਲੇ ਨਾ ਮਿਲੇ ਦੇਸ਼ ਸੇਵਾ ਦਾ ਇਕ ਨਵਾਂ ਜਰੀਆ ਜ਼ਰੂਰ ਮਿਲਿਆ ਹੈ। ਕਾਕੂ ਸਿੰਘ ਦਾ ਕਹਿਣਾ ਹੈ ਕਿ ਉਹ ਬੜੇ ਲੰਬੇ ਸਮੇਂ ਤੋਂ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜਾਰਾ ਕਰ ਰਿਹਾ ਹੈ। ਜਿਸ ਦੌਰਾਨ ਬੀਤੇ ਦਿਨੀਂ ਉਸਦੇ ਮਨ ਵਿਚ ਬੈਠੇ ਬੈਠੇ ਖਿਆਲ ਆਇਆ ਕਿ ਆਜ਼ਾਦੀ ਦਿਹਾੜਾ ਆ ਰਿਹਾ ਹੈ , ਜਿਸ ਤੋਂ ਬਾਅਦ ਆਪਣੇ ਮਨ ਦੇ ਫੁਰਨੇ ਅਨੁਸਾਰ ਅਤੇ ਜ਼ਿੰਦਾਦਿਲੀ ਦਿਖਾਉਂਦੇ ਹੋਏ ਇਹ ਕੰਮ ਕਰਨ ਬਾਰੇ ਸੋਚਿਆ ਗਿਆ।
ਰਿਕਸ਼ਾ ਚਾਲਕ ਦੀ ਕੀਤੀ ਸ਼ਲਾਘਾ: ਸਵਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਆਏ ਸਨ ਅਤੇ ਆਮ ਤੌਰ 'ਤੇ ਉਹ ਰਿਕਸ਼ਾ ਲੈਂਦੇ ਤਾਂ 20 ਰੁਪਏ ਮੰਗਦੇ ਸਨ। ਪਰ ਅੱਜ ਜਦ ਉਹ ਬੱਸ ਅੱਡੇ 'ਤੇ ਪੁੱਜੇ ਤਾਂ ਇਸ ਰਿਕਸ਼ਾ ਚਾਲਕ ਨੇ ਉਨ੍ਹਾਂ ਤੋਂ ਸਿਰਫ 2 ਰੁਪਏ ਮੰਗੇ, ਜਿਸ ਨੂੰ ਸੁਣ ਕੇ ਉਹ ਹੈਰਾਨ ਰਹਿ ਗਏ ਅਤੇ ਇਸਦੇ ਪਿੱਛੇ ਦਾ ਕਾਰਨ ਜਾਣ ਕੇ ਉਨ੍ਹਾਂ ਰਿਕਸ਼ਾ ਚਾਲਕ ਦੀ ਸਰਾਹਨਾ ਕੀਤੀ।