ਅੰਮ੍ਰਿਤਸਰ: ਖੇਤੀ ਕਾਲੇ ਕਾਨੂੰਨਾਂ (Agricultural black laws) ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਉਤੇ ਪਿਛਲੇ ਇਕ ਸਾਲ ਤੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਵੱਲੋਂ ਕਾਲੇ ਕਾਨੂੰਨ ਰੱਦ ਕੀਤੇ ਗਏ ਹਨ।ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਕਿਸਾਨ ਘਰ ਵਾਪਸੀ ਕਰ ਰਹੇ ਹਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਦੇ ਇੱਕ ਜਥਾ ਜਿਹੜਾ ਕਿ ਪਿੰਡ ਭਕਨਾ ਤੇ ਕੱਲੇਵਾਲ ਤੋਂ ਗਿਆ ਸੀ ਉਹ ਵਾਪਸ ਅੰਮ੍ਰਿਤਸਰ ਪੁੱਜਾ। ਜਥੇ ਦਾ ਪਿੰਡ ਵਾਲਿਆ ਨੇ ਨਿੱਘਾ ਸਵਾਗਤ ਕੀਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੋਂ ਜਿੱਤ ਪ੍ਰਾਪਤ ਕਰਕੇ ਅਸੀਂ ਘਰ ਵਾਪਸ ਆਏ ਹਾਂ ਅਤੇ ਸਾਡੇ ਮਨ ਚ ਬਹੁਤ ਹੀ ਖੁਸ਼ੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਥੇ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਜਿਹੜੇ 750 ਦੇ ਕਰੀਬ ਕਿਸਾਨ ਭਰਾ ਜਿਹੜੇ ਸ਼ਹੀਦੀਆਂ ਪਾ ਚੁੱਕੇ ਹਨ ਉਨ੍ਹਾਂ ਦੇ ਵਿਛੋੜੇ ਦਾ ਦੁੱਖ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਜਿੱਥੇ ਵੀ ਉਨ੍ਹਾਂ ਨੂੰ ਕੋਈ ਜ਼ਰੂਰਤ ਹੋਵੇਗੀ ਅਸੀਂ ਉਨ੍ਹਾਂ ਨਾਲ ਖੜ੍ਹੇ ਹੋਵਾਂਗੇ।