ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਉਹ ਦਿੱਲੀ ਜਾ ਕੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਮਿਲੇ ਸਾਰੇ ਬਹਾਦਰੀ ਤਮਗ਼ੇ ਕੇਂਦਰ ਨੂੰ ਮੋੜ ਦੇਣਗੇ ਅਤੇ ਬਹਾਦਰੀ ਸਰਟੀਫ਼ਿਕੇਟਾਂ ਨੂੰ ਕਿਸਾਨ ਸੰਘਰਸ਼ ਦੌਰਾਨ ਅੱਗ ਦੀ ਭੇਂਟ ਕਰਨਗੇ। ਇਹ ਐਲਾਨ ਦਿੱਲੀ ਵਿਖੇ ਸੰਘਰਸ਼ 'ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ ਸਾਬਕਾ ਪੰਜਾਬ ਪੁਲਿਸ ਰਿਟਾਇਰਮੈਂਟ ਐਸੋਸੀਏਸ਼ਨ ਅਤੇ ਪੰਜਾਬ ਟੀਚਰਜ਼ ਐਜੂਕੇਸ਼ਨ ਯੂਨੀਅਨ ਨੇ ਰੋਸ ਮਾਰਚ ਕਰਨ ਦੌਰਾਨ ਕੀਤਾ।
ਰੋਸ ਮਾਰਚ ਦੌਰਾਨ ਦੋਵੇਂ ਯੂਨੀਅਨ ਦੇ ਕਾਰਕੁੰਨਾਂ ਨੇ ਮਾਰਚ ਦੌਰਾਨ ਮੋਦੀ ਸਰਕਾਰ ਵਿਰੁੱਧ ਖੇਤੀ ਕਾਨੂੰਨ ਵਾਪਸ ਲੈਣ ਲਈ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਸਾਬਕਾ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਠੰਢ ਵਿੱਚ ਸੜਕਾਂ 'ਤੇ ਬੈਠ ਕੇ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਮੰਗਾਂ ਨੂੰ ਨਹੀਂ ਮੰਨ ਰਹੀ ਹੈ।