ਅੰਮ੍ਰਿਤਸਰ: ਪਿਛਲੇ ਕਈ ਦਿਨਾਂ ਤੋਂ ਜਲ੍ਹਿਆਂਵਾਲੇ ਬਾਗ (Jallianwala Bagh) ਦਾ ਕੀਤਾ ਗਿਆ ਨਵੀਨੀਕਰਨ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਵੱਖੋਂ ਵੱਖ ਪਾਰਟੀਆਂ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੀ ਆੜ ਵਿੱਚ ਸ਼ਹੀਦਾਂ ਨਾਲ ਜੁੜੇ ਚਿੰਨ੍ਹਾਂ ਨਾਲ ਛੇੜਛਾੜ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂਆਂ ਅਤੇ ਵਲੰਟੀਰਜ਼ ਵਲੋਂ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਅੰਮ੍ਰਿਤਸਰ (Amritsar) ਹਲਕਾ ਦੱਖਣੀ ਦੇ ਇੰਚਾਰਜ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪਹਿਲਾਂ ਸੈਲਾਨੀ ਜਲ੍ਹਿਆਂਵਾਲਾ ਬਾਗ ਵਿੱਚ ਦਾਖ਼ਲ ਹੁੰਦੇ ਸਨ। ਫਿਰ ਜਿਵੇਂ ਹੀ ਉਹ ਗਲੀ ਵਿੱਚ ਦਾਖ਼ਲ ਹੁੰਦੇ ਉਹ ਨਿਰਦੋਸ਼ ਭਾਰਤੀਆਂ ਉੱਤੇ ਚਲਾਈਆਂ ਗੋਲੀਆਂ ਦੀ ਯਾਦ ਵਿੱਚ ਆ ਜਾਂਦੇ। ਪਰ ਹੁਣ ਅਜਿਹੇ ਚਿੱਤਰ ਉੱਕਰੇ ਗਏ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਚਿਹਰੇ ਹੱਸਦੇ ਦਿਖਾਈ ਦੇ ਰਹੇ ਹਨ ਇਥੇ ਅਲੱਗ ਅਲੱਗ ਚਾਰ ਗੈਲਰੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਗੈਲਰੀ 'ਚ ਘਟਨਾ ਬਾਬਤ ਦਸਤਾਵੇਜ਼ੀ ਫ਼ਿਲਮ ਹਿੰਦੀ ਅਤੇ ਪੰਜਾਬੀ ਵਿੱਚ ਜਾਣਕਾਰੀ ਦੇ ਰਹੀ ਹੈ।
ਇਸਦੇ ਨਾਲ ਹੀ ਇੱਥੇ ਇੱਕ ਲਾਈਟ ਐਂਡ ਸਾਊਂਡ ਸ਼ੋਅ ਵੀ ਸ਼ੁਰੂ ਕੀਤਾ ਗਿਆ ਹੈ। ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਅਜਿਹੇ ਸਮਾਰਕ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਨਹੀਂ ਹੋਣਾ ਚਾਹੀਦਾ। ਕਤਲੇਆਮ ਦੀ ਇਸ ਯਾਦਗਾਰ ਨੂੰ ਏਅਰਪੋਰਟ ਜਾਂ ਹੋਟਲ ਲਾਬੀ ਜਾਂ ਮਨੋਰੰਜਨ ਪਾਰਕ ਵਾਂਗ ਬਣਾਉਣਾ ਵੀ ਉਚਿਤ ਨਹੀਂ ਹੈ।